ਪੰਜਾਬ ਪਟਿਆਲਾ ’ਚ ਆਪ ਕੌਂਸਲਰ ਨੇ ਛੱਡੀ ਪਾਰਟੀ/ 34 ਸਾਲਾਂ ਤੋਂ ਕੌਂਸਲਰ ਸੀ ਕ੍ਰਿਸ਼ਨ ਚੰਦ ਬੁੱਧੂ/ ਵਿਧਾਇਕ ਕੋਹਲੀ ’ਤੇ ਲਾਏ ਗੰਭੀਰ ਇਲਜ਼ਾਮ By admin - July 2, 2026 0 1 Facebook Twitter Pinterest WhatsApp ਪਟਿਆਲਾ ਸ਼ਹਿਰ ਵਿਖੇ 34 ਸਾਲਾਂ ਤੋਂ ਕੌਂਸਲਰ ਦੀ ਚੋਣ ਜਿੱਤਦੇ ਆ ਰੇਹ ਕੌਂਸਲਰ ਕ੍ਰਿਸ਼ਨ ਚੰਦ ਬੁੱਧੂ ਨੇ ਸਥਾਨਕ ਵਿਧਾਇਕ ਤੋਂ ਨਾਰਾਜ ਹੋ ਕੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। 1992 ਤੋਂ ਬਤੌਰ ਐਮਸੀ ਸੇਵਾ ਨਿਭਾਅ ਰਹੇ ਕ੍ਰਿਸ਼ਨ ਚੰਦ ਬੁੱਧੂ ਨੇ ਸਥਾਨਕ ਵਿਧਾਇਕ ਤੇ ਉਸ ਦੇ ਸਟਾਫ ਉਤੇ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਾਏ ਹਨ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕ੍ਰਿਸ਼ਨ ਚੰਦ ਬੁੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨ ਵਾਲੇ ਕਈ ਵਾਅਦੇ ਕੀਤੇ ਗਏ ਪਰ ਪੂਰੇ ਨਹੀਂ ਕੀਤੇ, ਜਿਸ ਦੇ ਚਲਦਿਆਂ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਪਟਿਆਲਾ ਮੀਡੀਆ ਕਲੱਬ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕ੍ਰਿਸ਼ਨ ਚੰਦ ਬੁੱਧੂ ਨੇ ਕਿਹਾ ਕਿ ਉਹ 1992 ਤੋਂ ਐਮ ਸੀ ਚੋਣਾਂ ਜਿੱਤਦੇ ਆ ਰਹੇ ਹਨ ਅਤੇ ਤਿੰਨ ਵਾਰ ਆਜ਼ਾਦ ਚੋਣਾਂ ਵੀ ਜਿੱਤ ਚੁੱਕੇ ਹਨ। ਉਹਨਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਜੀਤਪਾਲ ਸਿੰਘ ਕੋਹਲੀ ਅਤੇ ਆਪ ਦੇ ਆਗੂ ਸੁਸ਼ੀਲ ਗੁਪਤਾ ਉਹਨਾਂ ਦੀ ਰਿਹਾਇਸ਼ ’ਤੇ ਆਏ ਸਨ ਤੇ ਉਹਨਾਂ ਨੂੰ ਮੇਅਰ ਬਣਾਉਣ ਜਾਂ ਫਿਰ ਸੂਬਾ ਪੱਧਰੀ ਚੇਅਰਮੈਨ ਬਣਾਉਣ ਦਾ ਵਾਅਦਾ ਕਰ ਕੇ ਆਪ ਵਿਚ ਸ਼ਾਮਲ ਕਰਵਾਇਆ ਸੀ। ਉਹਨਾਂ ਕਿਹਾ ਕਿ ਆਪ ਸਰਕਾਰ ਬਣਨ ਮਗਰੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਖਾਂ ਫੇਰ ਲਈਆਂ ਤੇ ਉਹਨਾਂ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਐਮ ਐਲ ਏ ਨੇ ਉਹਨਾਂ ਦੇ ਵਾਰਡ ਵਿਚ ਹੋਰ ਵਿਅਕਤੀਆਂ ਨੂੰ ਪ੍ਰੋਮੋਟ ਕਰਨਾ ਸ਼ੁਰੂ ਕਰ ਦਿੱਤਾ ਤੇ ਵਾਰਡ ਇੰਚਾਰਜ ਵੀ ਨਿਯੁਕਤ ਕੀਤਾ। ਕ੍ਰਿਸ਼ਨ ਚੰਦ ਬੁੱਧੂ ਨੇ ਦੋਸ਼ ਲਗਾਇਆ ਕਿ ਐਮ ਐਲ ਏ ਅਜੀਤਪਾਲ ਸਿੰਘ ਕੋਹਲੀ ਤੇ ਉਹਨਾਂ ਦਾ ਸਟਾਫ ਵਿਆਪਕ ਭ੍ਰਿਸ਼ਟਾਚਾਰ ਕਰ ਰਿਹਾ ਹੈ ਤੇ ਸ਼ਹਿਰ ਵਿਚ ਉਹਨਾਂ ਨੇ ਨਜਾਇਜ਼ ਬਿਲਡਿੰਗਾਂ ਵੀ ਬਣਵਾਈਆਂ ਹਨ ਜਿਸਦੇ ਬਦਲੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਉਹਨਾਂ ਇਹ ਵੀ ਦੋਸ਼ ਲਗਾਇਆ ਗਿਆ ਕਿ ਆਪਣੀ ਮਨਮਰਜ਼ੀ ਦੇ ਅਫਸਰ ਲਗਾ ਕੇ ਐਮ ਐਲ ਏ ਤੇ ਉਹਨਾਂ ਦੇ ਸਟਾਫ ਨੇ ਨਗਰ ਨਿਗਮ ਦੇ ਠੇਕੇਦਾਰਾਂ ਰਾਹੀਂ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕ੍ਰਿਸ਼ਨ ਚੰਦ ਬੁੱਧੂ ਨੇ ਦੱਸਿਆ ਕਿ ਉਹਨਾਂ ਨੇ ਸਾਰੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਪੰਜਾਬ ਨੂੰ ਲਿਖਤੀ ਤੌਰ ’ਤੇ ਕਰ ਦਿੱਤੀ ਹੈ ਤੇ ਇਸਦੀ ਵਿਸਥਾਰਿਤ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਉਹ ਕਿਸੇ ਵੀ ਜਾਂਚ ਵਾਸਤੇ ਕਿਸੇ ਵੀ ਅਧਿਕਾਰੀ ਅੱਗੇ ਪੇਸ਼ ਹੋਣ ਨੂੰ ਤਿਆਰ ਹਨ ਅਤੇ ਸਾਰੇ ਸਬੂਤ ਵੀ ਸੌਂਪਣਗੇ। ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਉਹ ਆਉਂਦੀਆਂ ਚੋਣਾਂ ਵਿਚ ਵੀ ਅਜੀਤਪਾਲ ਸਿੰਘ ਕੋਹਲੀ ਜੋ ਕਿ ਉਹਨਾਂਦੇ ਭਤੀਜੇ ਲੱਗਦੇ ਹਨ ਦਾ ਸਾਥ ਦੇਣਗੇ ਤੇ ਉਹਨਾਂ ਨੂੰ ਵੋਟਾਂ ਲੈਣ ਵਿਚ ਮਦਦ ਕਰਨਗੇ। ਇਸ ਮਾਮਲੇ ਵਿਚ ਜਦੋਂ ਐਮ ਐਲ ਏ ਅਜੀਤਪਾਲ ਸਿੰਘ ਕੋਹਲੀ ਤੋਂ ਪੱਖ ਲੈਣ ਲਈ ਫੋਨ ਕੀਤਾ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਕ੍ਰਿਸ਼ਨ ਚੰਦ ਬੁੱਧੂ ਵੱਲੋਂ ਲਗਾਏ ਦੋਸ਼ਾਂ ਦੀ ਵੀਡੀਓ ਨਹੀਂ ਵੇਖੀ ਜਿਸ ਕਾਰਨ ਉਹ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਉਹ ਤਾਂ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਦਾ ਸਤਿਕਾਰ ਯੋਜਨਾ ਵਿਚ ਸ਼ਾਮਲ ਹੋ ਕੇ ਪਰਤੇ ਹਨ ਤੇ ਵੀਡੀਓ ਵੇਖਣ ਉਪਰੰਤ ਹੀ ਕੁਝ ਕਹਿ ਸਕਦੇ ਹਨ।