ਕਲਾਨੌਰ ’ਚ ਚੋਰਾਂ ਦਾ ਮੋਬਾਈਲ ਟਾਵਰ ਨੂੰ ਬਣਾਇਆ ਨਿਸ਼ਾਨਾ/ 24 ਬੈਟਰੀਆਂ ਚੋਰੀ ਕਰ ਕੇ ਫਰਾਰ/ ਸੀਸੀਟੀਵੀ ਤਸਵੀਰਾਂ ਵਾਇਰਲ, ਪੁਲਿਸ ਕਰ ਰਹੀ ਜਾਂਚ

0
1

 

ਗੁਰਦਾਸਪੁਰ ਦੇ ਥਾਣਾ ਕਲਾਨੋਰ ਅਧੀਨ ਆਉਂਦੇ ਪਿੰਡ ਲਖਨ ਕਲਾਂ ਵਿੱਚ ਚੋਰਾਂ ਵੱਲੋਂ ਮੋਬਾਈਲ ਟਾਵਰ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਕਾਰ ਵਿਚ ਆਏ ਚੋਰ ਮੋਬਾਈਲ ਟਾਵਰ ਦੇ ਗੇਟ ਦੀ ਕੁੰਡੀ ਤੋੜ ਕੇ ਅੰਦਰੋਂ 24 ਬੈਟਰੀਆਂ ਚੋਰੀ ਕਰ ਕੇ ਫਰਾਰ ਹੋ ਗਏ । ਚੋਰੀ ਦੀ ਕਰਤੂਤ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਸਾਹਮਣੇ ਆਈਆਂ ਤਸਵੀਰਾਂ ਵਿਚ ਕਾਰ ਵਿਚ ਸਵਾਰ ਹੋ ਕੇ ਆਏ ਚੋਰ ਬੈਟਰੀਆਂ ਲੈ ਕੇ ਜਾਂਦੇ ਦਿਖਾਈ ਦੇ ਰਹੇ ਹਨ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।
ਸਾਹਮਣੇ ਆਈਆਂ ਤਸਵੀਰਾਂ ਵਿਚ ਰਾਤ ਦੇ 1 ਵੱਜ ਕੇ 28 ਮਿੰਟ ਤੇ ਕਾਰ ਵਿਚ ਸਵਾਰ ਹੋ ਕੇ ਆਏ ਚੋਰ ਮੋਬਾਇਲ ਟਾਵਰ ਅੱਗੇ ਆਪਣੀ ਕਾਰ ਰੋਕ ਦਿੰਦੇ ਹਨ। 1 ਵੱਜ ਕੇ 59 ਮਿੰਟ ਤੇ ਉਹਨਾਂ ਦੀ ਕਾਰ ਮੁੜ ਤੋਂ ਸਟਾਰਟ ਹੁੰਦੀ ਹੈ ਤੇ ਉਸੇ ਰਸਤੇ ਵਾਪਸ ਹੋ ਜਾਂਦੇ ਹਨ। ਚੋਰਾਂ ਨੇ ਇਸ ਵਾਰਦਾਤ ਨੂੰ ਸਿਰਫ ਅੱਧੇ ਘੰਟੇ ਵਿੱਚ ਅੰਜਾਮ ਦਿੱਤਾ। ਇਸੇ ਦੌਰਾਨ ਚੋਰ ਆਪਣੇ ਕੁਝ ਔਜਾਰ ਵੀ ਛੱਡ ਗਏ ਹਨ। ਮੋਬਾਇਲ ਟਾਵਰ ਦਾ ਮੁਲਾਜ਼ਮ ਸਤੀਸ਼ ਕੁਮਾਰ ਸ਼ਰਮਾ ਜਦੋਂ ਟਾਵਰ ਵਿੱਚ ਤੇਲ ਪਾਉਣ ਸਵੇਰੇ ਆਇਆ ਤਾਂ ਉਸਨੂੰ ਇਸ ਘਟਨਾ ਬਾਰੇ ਪਤਾ ਲੱਗਿਆ।
ਉਸ ਨੇ ਦੱਸਿਆ ਕਿ ਚੋਰ ਟਾਵਰ ਵਿੱਚੋਂ 24 ਬੈਟਰੀਆਂ ਚੋਰੀ ਕਰਕੇ ਲੈ ਗਏ ਹਨ ਜਿਨਾਂ ਦੀ ਕੀਮਤ ਤਕਰੀਬਨ ਸਾਢੇ ਤਿੰਨ ਲੱਖ ਰੁਪਏ ਹੈ। ਉਸਨੇ ਦੱਸਿਆ ਕਿ ਟਾਵਰ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਕਰ ਦਿੱਤੀ ਗਈ ਹੈ। ਉੱਥੇ ਹੀ ਟਾਵਰ ਦੇ ਨਜ਼ਦੀਕ ਦੇ ਦੁਕਾਨਦਾਰ ਸਤਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਇਹ ਮੰਦਭਾਗੀ ਘਟਨਾ ਹੈ ਕਿਉਂਕਿ ਟਾਵਰ ਦੇ ਆਲੇ ਦੁਆਲੇ ਇੱਕ ਸਕੂਲ ਅਤੇ ਰਿਹਾਇਸ਼ੀ ਇਲਾਕਾ ਵੀ ਹੈ । ਜੇਕਰ ਅਜਿਹੇ ਇਲਾਕੇ ਵਿੱਚ ਚੋਰ ਚੋਰੀ ਕਰ ਸਕਦੇ ਹਨ ਤਾਂ ਰਿਹਾਇਸ਼ੀ ਇਲਾਕੇ ਵੀ ਕਿਵੇਂ ਸੁਰੱਖਿਅਤ ਕਹੇ ਜਾ ਸਕਦੇ ਹਨ। ਪੁਲਿਸ ਨੂੰ ਇਸ ਇਲਾਕੇ ਵਿੱਚ ਰਾਤ ਦੇ ਗਸ਼ਤ ਵਧਾਉਣੀ ਚਾਹੀਦੀ ਹੈ।

LEAVE A REPLY

Please enter your comment!
Please enter your name here