ਜਲੰਧਰ ਵਾਸੀਆਂ ਨੂੰ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਤੋਹਫਾ/ ਗੁਰੂ ਨਾਨਕਪੁਰਾ ਆਰਓਬੀ ਦਾ ਰੱਖਿਆ ਨੀਂਹ ਪੱਥਰ/ 112 ਕਰੋੜ ਦੀ ਲਾਗਤ ਨਾਲ ਪੂਰੇ ਹੋਣਗੇ ਪ੍ਰੋਜੈਕਟ

0
1

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਲੰਧਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰੀ ਮੰਤਰੀ ਨੇ ਸ਼ਹਿਰ ਦੇ ਗੁਰੂ ਨਾਨਕਪੁਰਾ ਫਾਟਕ ਵਿਖੇ ਆਰ.ਓ.ਬੀ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਹੈ। ਆਪਣੇ ਸੰਬੋਧਨ ਵਿਚ ਰਵਨੀਤ ਬਿੱਟੂ ਨੇ ਕਿਹਾ ਕਿ 112 ਕਰੋੜ 93 ਲੱਖ ਦੀ ਲਾਗਤ ਨਾਲ ਬਣਨ ਵਾਲੇ ਗੁਰੂ ਨਾਨਕ ਪੁਰਾ ਗੇਟ ਬੀ-67 ਅਤੇ ਗੜ੍ਹਾ ਫਾਟਕ ਐਸ-4 ਦੇ ਪੂਰਾ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ 200 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਗੁਰੂ ਨਾਨਕ ਪੁਰਾ ਰੇਲਵੇ ਗੇਟਵੇ ਲਈ ਟੈਂਡਰ ਖੁੱਲ੍ਹ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੋ ਸਾਲਾਂ ਤੋਂ ਟੈਂਡਰ ਪ੍ਰਾਪਤ ਕਰਨ ਲਈ ਕੰਮ ਕਰ ਰਹੀ ਸੀ, ਜਿਸ ਦੇ ਨਤੀਜੇ ਵਜੋਂ ਇਹ ਪ੍ਰੋਜੈਕਟ ਪੂਰੇ ਹੋਣ ਦਾ ਮੁੱਢ ਬੱਝਾ ਹੈ।
ਇਨ੍ਹਾਂ ਵਿੱਚੋਂ, ਰੇਲਵੇ ਗੁਰੂ ਨਾਨਕ ਪੁਰਾ ਆਰਓਬੀ ਲਈ 48.95 ਕਰੋੜ ਅਤੇ 63.98 ਕਰੋੜ ਗੜ੍ਹਾ ਆਰਓਬੀ ਲਈ ਖਰਚ ਕਰੇਗਾ। ਸ਼ਹਿਰ ਅਤੇ ਛਾਉਣੀ ਦੇ ਵਿਚਕਾਰ ਅੰਮ੍ਰਿਤਸਰ-ਨਵੀਂ ਦਿੱਲੀ ਰੇਲਵੇ ਲਾਈਨ ‘ਤੇ ਸਥਿਤ ਗੁਰੂ ਨਾਨਕ ਪੁਰਾ ਗੇਟ ਸਭ ਤੋਂ ਵਿਅਸਤ ਹੈ ਤੇ ਇੱਥੋਂ ਰੋਜ਼ਾਨਾ 140 ਰੇਲਗੱਡੀਆਂ ਲੰਘਦੀਆਂ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ, ਜਦੋਂ 100,000 ਵਾਹਨ ਫਾਟਕ ਵਿੱਚੋਂ ਲੰਘਦੇ ਹਨ, ਤਾਂ ਪੁਲ ਦੀ ਮੰਗ ਹੁੰਦੀ ਹੈ। ਇਸ ਲਈ, ਇਹ ਪ੍ਰੋਜੈਕਟ ਹੁਣ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਫੰਡਿੰਗ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸਨੂੰ ਮਾਨਸੂਨ ਸੀਜ਼ਨ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਜਾਵੇਗਾ। ਲੋਕਾਂ ਨੂੰ ਉਸਾਰੀ ਦੌਰਾਨ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੇਲਵੇ ਇੱਕ ਸਾਲ ਦੇ ਅੰਦਰ ਨਿਰਮਾਣ ਕਾਰਜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਤੋਂ ਬਾਦ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।

LEAVE A REPLY

Please enter your comment!
Please enter your name here