ਜ਼ੀਰਕਪੁਰ ਪੁਲਿਸ ਦਾ ਨਸ਼ਿਆਂ ਖਿਲਾਫ ਵੱਡਾ ਐਕਸ਼ਨ/ ਰੇਡ ਦੌਰਾਨ 30 ਗਰਾਮ ਹੈਰੋਇਨ ਸਮੇਤ 4 ਕਾਬੂ/ ਇਲੈਕਟ੍ਰਾਨਿਕ ਕੰਡਾ, ਸਿਲਵਰ ਫੋਇਲ ਤੇ ਹੋਰ ਸਾਮਾਨ ਬਰਾਮਦ

0
1

ਜ਼ੀਕਰਪੁਰ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਸਿੰਗਮਾ ਸਿਟੀ ਐਕਸਟੈਂਸ਼ਨ ਸੋਸਾਇਟੀ ਦੇ ਇੱਕ ਫਲੈਟ ਵਿੱਚ ਛਾਪੇਮਾਰੀ ਕਰ ਕੇ ਚਾਰ ਨੌਜਵਾਨਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਕੁੱਲ 30 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰਾਨਿਕ ਤੋਲ ਕੰਡਾ, ਸਿਲਵਰ ਫੋਇਲ ਪੇਪਰ ਅਤੇ ਨਸ਼ਾ ਪੈਕ ਕਰਨ ਲਈ ਵਰਤਿਆ ਜਾਣ ਵਾਲਾ ਹੋਰ ਸਮਾਨ ਬਰਾਮਦ ਕੀਤਾ ਹੈ।
ਪੁਲਿਸ ਅਨੁਸਾਰ ਗਸ਼ਤ ਦੌਰਾਨ ਇੱਕ ਭਰੋਸੇਯੋਗ ਮੁਖ਼ਬਰ ਵੱਲੋਂ ਸੂਚਨਾ ਮਿਲੀ ਸੀ ਕਿ ਸਿੰਗਮਾ ਸਿਟੀ ਐਕਸਟੈਂਸ਼ਨ ਦੇ ਫਲੈਟ ਨੰਬਰ 566-ਸੀ ਵਿੱਚ ਕੁਝ ਨੌਜਵਾਨ ਨਸ਼ੇ ਦੀ ਵਿਕਰੀ ਕਰ ਰਹੇ ਹਨ। ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਟੀਮ ਨੇ ਤੁਰੰਤ ਮੌਕੇ ‘ਤੇ ਛਾਪੇਮਾਰੀ ਕੀਤੀ। ਜਿਵੇਂ ਹੀ ਪੁਲਿਸ ਟੀਮ ਫਲੈਟ ਅੰਦਰ ਦਾਖ਼ਲ ਹੋਈ ਤਾਂ ਉੱਥੇ ਮੌਜੂਦ ਚਾਰ ਨੌਜਵਾਨ ਘਬਰਾ ਗਏ। ਉਨ੍ਹਾਂ ਨੇ ਆਪਣੀਆਂ ਜੇਬਾਂ ਵਿੱਚੋਂ ਪੌਲੀਥੀਨ ਦੇ ਲਿਫ਼ਾਫ਼ੇ ਕੱਢ ਕੇ ਫਰਸ਼ ‘ਤੇ ਸੁੱਟ ਦਿੱਤੇ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਚੌਕਸੀ ਦਿਖਾਉਂਦਿਆਂ ਚਾਰਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਵਾਸੀ ਰਾਮਦਰਬਾਰ (ਚੰਡੀਗੜ੍ਹ), ਅਜੈ ਵਾਸੀ ਵਿਕਾਸ ਨਗਰ (ਚੰਡੀਗੜ੍ਹ), ਅਮਨ ਵਾਸੀ ਬਿਜਨੌਰ (ਮੌਜੂਦਾ ਵਾਸੀ ਰਾਮਦਰਬਾਰ, ਚੰਡੀਗੜ੍ਹ) ਅਤੇ ਮੁਕੇਸ਼ ਵਾਸੀ ਗ੍ਰੀਨ ਵੈਲੀ, ਘੋਲੂ ਮਾਜਰਾ (ਲਾਲੜੂ) ਵਜੋਂ ਹੋਈ ਹੈ। ਪੁਲਿਸ ਨੇ ਐਨਡੀਪੀਐਸ ਐਕਟ ਅਧੀਨ ਨਿਰਧਾਰਿਤ ਕਾਨੂੰਨੀ ਕਾਰਵਾਈ ਪੂਰੀ ਕਰਦਿਆਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਅਤੇ ਬਰਾਮਦ ਲਿਫ਼ਾਫ਼ਿਆਂ ਦੀ ਜਾਂਚ ਕੀਤੀ। ਜਾਂਚ ਦੌਰਾਨ ਸਾਹਿਲ ਕੋਲੋਂ 8 ਗ੍ਰਾਮ, ਅਜੈ ਕੋਲੋਂ 7 ਗ੍ਰਾਮ, ਅਮਨ ਕੋਲੋਂ 7 ਗ੍ਰਾਮ ਅਤੇ ਮੁਕੇਸ਼ ਕੋਲੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਕੁੱਲ 30 ਗ੍ਰਾਮ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤਾ ਗਿਆ। ਛਾਪੇਮਾਰੀ ਦੌਰਾਨ ਫਲੈਟ ਦੀ ਤਲਾਸ਼ੀ ਲੈਣ ‘ਤੇ ਇੱਕ ਕਮਰੇ ਵਿੱਚੋਂ 10 ਖਾਲੀ ਪੌਲੀਥੀਨ ਪਾਊਚ, ਇੱਕ ਇਲੈਕਟ੍ਰਾਨਿਕ ਵਜ਼ਨ ਕੰਡਾ , 60 ਹਜ਼ਾਰ ਡਰੱਗ ਮਨੀ ਅਤੇ ਸਿਲਵਰ ਫੋਇਲ ਪੇਪਰ ਵੀ ਬਰਾਮਦ ਹੋਇਆ।
ਪੁਲਿਸ ਦਾ ਮੰਨਣਾ ਹੈ ਕਿ ਇਹ ਸਮਾਨ ਹੈਰੋਇਨ ਦੀ ਪੈਕਿੰਗ ਅਤੇ ਸਪਲਾਈ ਲਈ ਵਰਤਿਆ ਜਾਂਦਾ ਸੀ। ਪੁਲਿਸ ਨੇ ਪੂਰੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਈ-ਸਾਖ਼ਿਆ ਐਪ ਰਾਹੀਂ ਕੀਤੀ ਹੈ ਤਾਂ ਜੋ ਜਾਂਚ ਅਤੇ ਅਦਾਲਤੀ ਕਾਰਵਾਈ ਦੌਰਾਨ ਡਿਜ਼ੀਟਲ ਸਬੂਤ ਵਜੋਂ ਇਸ ਦੀ ਵਰਤੋਂ ਕੀਤੀ ਜਾ ਸਕੇ। ਥਾਣਾ ਜ਼ੀਰਕਪੁਰ ਵਿੱਚ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 29, 61 ਅਤੇ 85 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਮੁਲਜ਼ਮ ਹੈਰੋਇਨ ਕਿੱਥੋਂ ਲਿਆਉਂਦੇ ਸਨ ਅਤੇ ਇਸ ਦੀ ਸਪਲਾਈ ਕਿਹੜੇ-ਕਿਹੜੇ ਇਲਾਕਿਆਂ ਵਿੱਚ ਕਰਦੇ ਸਨ। ਜਾਂਚ ਦੌਰਾਨ ਨਸ਼ਾ ਤਸਕਰੀ ਦੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੇ ਨਾਮ ਵੀ ਸਾਹਮਣੇ ਆ ਸਕਦੇ  ਹਨ।

LEAVE A REPLY

Please enter your comment!
Please enter your name here