ਪੰਜਾਬ ਨਸ਼ਿਆਂ ਬਾਰੇ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ/ ਸਿਆਸਤਦਾਨਾਂ ਤੇ ਅਫਸਰਾਂ ਵਿਚਾਲੇ ਗਠਜੋੜ ਤੋੜਣ ਦਾ ਦਾਅਵਾ/ ਨਸ਼ਿਆਂ ਖਿਲਾਫ਼ ਲੋਕਾਂ ਦੀ ਭਾਈਵਾਲੀ ਵਧਾਉਣ ਦੀ ਮੁਹਿੰਮ ਸ਼ੁਰੂ By admin - June 13, 2026 0 2 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਲੜਾਈ ਵਿਚ ਆਮ ਲੋਕਾਂ ਦੀ ਸ਼ਮੂਲੀਅਤ ਵਧਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਆਟੋ ਰਿਕਸ਼ਾ ਰਵਾਨਾ ਕੀਤੇ ਗਏ। ਇਨ੍ਹਾਂ ਆਟੋ ਰਿਕਸ਼ਿਆਂ ਰਾਹੀਂ ਲੋਕ ਬਿਨਾਂ ਪਛਾਣ ਦੱਸੇ ਨਸ਼ਾ ਤਸਕਰਾਂ ਦੀ ਜਾਣਕਾਰੀ ਦੇ ਸਕਣਗੇ। ਆਪਣੇ ਸੰਬੋਧਨ ਵਿਚ ਕੈਬਨਟਿ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਡੇਢ ਸਾਲਾਂ ਦੌਰਾਨ ਨਸ਼ਾ ਮਾਫੀਆਂ ਖਿਲਾਫ ਸਿਕੰਜਾ ਕੱਸਿਆ ਗਿਆ ਹੈ, ਜਿਸ ਦੇ ਚਲਦਿਆਂ ਸਰਕਾਰ ਸਿਆਸਤਦਾਨਾਂ ਅਤੇ ਪੁਲਿਸ ਅਫਸਰਾਂ ਦਾ ਗਠਜੋੜ ਤੋੜਣ ਵਿਚ ਸਫਲ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ਹੁਣ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਪਿਛਲੇ ਡੇਢ ਸਾਲਾਂ ਵਿੱਚ ਸਰਕਾਰ ਨੇ ਨਸ਼ਾ ਤਸਕਰਾਂ ਦੇ ਲੱਕ ਤੋੜ ਦਿੱਤੇ ਹਨ ਅਤੇ ਅੱਜ ਨਸ਼ਾ ਤਸਕਰਾਂ ਵਿੱਚ ਖ਼ੌਫ਼ ਦਾ ਮਾਹੌਲ ਹੈ। ਜਿਨ੍ਹਾਂ ਲੋਕਾਂ ਨੇ ਦੂਜਿਆਂ ਦੇ ਘਰ ਬਰਬਾਦ ਕਰਕੇ ਆਪਣੇ ਮਹਿਲ ਉਸਾਰੇ ਸਨ, ਅੱਜ ਉਹ ਸਰਕਾਰ ਦੀ ਰਡਾਰ ‘ਤੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਸ ਜੰਗ ਵਿੱਚ ਆਮ ਲੋਕਾਂ ਦਾ ਸਾਥ ਲੈਣ ਲਈ ਹੁਣ ਸੁਨਾਮ ਹਲਕੇ ਵਿੱਚ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕਈ ਵਾਰ ਲੋਕ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਤੋਂ ਡਰਦੇ ਹਨ ਕਿ ਕਿਤੇ ਉਨ੍ਹਾਂ ਦਾ ਨੁਕਸਾਨ ਨਾ ਹੋ ਜਾਵੇ। ਇਸੇ ਡਰ ਨੂੰ ਖ਼ਤਮ ਕਰਨ ਲਈ ਹਰ ਹਲਕੇ ਵਿੱਚ ਤਿੰਨ-ਤਿੰਨ ਵਿਸ਼ੇਸ਼ ਆਟੋ-ਰਿਕਸ਼ਾ (ਟੈਂਪੂ) ਚਲਾਏ ਜਾ ਰਹੇ ਹਨ। ਇਨ੍ਹਾਂ ਆਟੋ-ਰਿਕਸ਼ਿਆਂ ਵਿੱਚ ਇੱਕ ਵਿਸ਼ੇਸ਼ ਸ਼ਿਕਾਇਤ ਬਾਕਸ ਲਗਾਇਆ ਗਿਆ ਹੈ, ਜਿੱਥੇ ਕੋਈ ਵੀ ਵਿਅਕਤੀ ਬਿਨਾਂ ਆਪਣਾ ਨਾਮ, ਪਤਾ ਜਾਂ ਫ਼ੋਨ ਨੰਬਰ ਦੱਸੇ, ਨਸ਼ਾ ਵੇਚਣ ਜਾਂ ਨਸ਼ਾ ਕਰਨ ਵਾਲਿਆਂ ਬਾਰੇ ਪਰਚੀ ਪਾ ਕੇ ਜਾਣਕਾਰੀ ਦੇ ਸਕਦਾ ਹੈ। ਅਮਨ ਅਰੋੜਾ ਵੱਲੋ ਇਸ ਮੁਹਿੰਮ ਦੇ ਤਹਿਤ ਮਿਲਣ ਵਾਲੀ ਜਾਣਕਾਰੀ ‘ਤੇ ਸਰਕਾਰ ਦਾ ਇੱਕ ਨੋਡਲ ਅਫ਼ਸਰ ਕੰਮ ਕਰੇਗਾ ਅਤੇ ਉਸ ਮੁਤਾਬਕ ਪੁਲਿਸ, ਪ੍ਰਸ਼ਾਸਨ ਅਤੇ ਸਿਹਤ ਮਹਿਕਮਾ ਸਖ਼ਤ ਕਾਰਵਾਈ ਕਰੇਗਾ। ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਬਠਿੰਡਾ, ਮੋਹਾਲੀ ਅਤੇ ਜਲੰਧਰ ਦਾ ਦੌਰਾ ਕਰ ਰਹੇ ਹਨ, ਜਿੱਥੇ ਉਹ ਰੋਡ ਸ਼ੋਅ ਅਤੇ ਵਪਾਰੀਆਂ ਨਾਲ ਮੀਟਿੰਗਾਂ ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਰਹੇ ਹਨ।