
ਲੁਧਿਆਣਾ ਸ਼ਹਿਰ ਦੇ ਉੱਤਰੀ ਹਲਕੇ ਨੂੰ ਆਪਣੀ ਨਵੀਂ ਸਬ ਤਹਿਸੀਲ ਮਿਲ ਗਈ ਹੈ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਕੀਤਾ ਗਿਆ। 38 ਲੱਖ ਦੀ ਲਾਗਤ ਨਾਲ ਬਣੀ ਇਸ ਨਵੀਂ ਬਿਲਡਿੰਗ ਦੇ ਬਣਨ ਨਾਲ ਸ਼ਹਿਰ ਦੇ ਵੱਡੇ ਇਲਾਕੇ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਇਹ ਸਬ ਤਹਿਸੀਲ ਬਣਨ ਨਾਲ ਲੋਕਾਂ ਦੀ ਚਰੌਕਣੀ ਮੰਗ ਪੂਰੀ ਹੋ ਗਈ ਹੈ।
ਜਾਣਕਾਰੀ ਅਨੁਸਾਰ ਇਸ ਸਬ ਤਹਿਸੀਲ ਲੁਧਿਆਣਾ (ਉੱਤਰੀ) ਵਿੱਚ ਨਾਇਬ ਤਹਿਸੀਲਦਾਰ ਜਗਸੀਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਮੌਜੂਦਗੀ ਵਿੱਚ ਚਾਰਜ ਸੰਭਾਲ ਲਿਆ ਹੈ। ਆਪਣੇ ਸੰਬੋਧਨ ਵਿਚ ਮੰਤਰੀ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਸਰਕਾਰ ਲੋਕਾਂ ਦਾ ਇਕ-ਇਕ ਪੈਸਾ ਭਲਾਈ ਕਾਰਜਾਂ ਲਈ ਖਰਚਣ ਪ੍ਰਤੀ ਵਚਨਬੱਧ ਹੈ ਅਤੇ ਲੁਧਿਆਣਾ (ਉੱਤਰੀ) ਨੂੰ ਅੱਜ ਦਿੱਤਾ ਗਿਆ ਤੋਹਫਾ ਵੀ ਇਸੇ ਪ੍ਰਤੀਬੱਧਤਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ (ਉੱਤਰੀ) ਵਿਖੇ ਸਬ ਤਹਿਸੀਲ ਕੰਪਲੈਕਸ ਦੇ ਨਿਰਮਾਣ ’ਤੇ 38 ਲੱਖ ਖਰਚ ਕੀਤੇ ਗਏ ਹਨ।
ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਲੁਧਿਆਣਾ (ਉੱਤਰੀ) ਸਬ ਤਹਿਸੀਲ ਕੰਪਲੈਕਸ ਜਿਸ ਦਾ ਕੁੱਲ ਖੇਤਰਫਲ ਕਰੀਬ 4400 ਸੁਕੈਅਰ ਫੁੱਟ ਹੈ ਅਤੇ ਕਰੀਬ 2000 ਸੁਕੈਅਰ ਫੁੱਟ ਰਕਬੇ ਵਿੱਚ ਇਹ ਕੰਪਲੈਕਸ ਬਣਿਆ ਹੈ ਅਤੇ ਇਸ ਕੰਪਲੈਕਸ ਵਿੱਚ ਦਫ਼ਤਰ ਸਬ ਰਜਿਸਟਰਾਰ, ਰਜਿਸਟਰੀ ਰੂਮ, ਰੀਡਰ ਰੂਮ, ਫ਼ਰਦ ਰੂਮ, ਲੋਕਾਂ ਦੇ ਬੈਠਣ ਲਈ ਹਾਲ, ਕੰਨਟੀਨ, ਜਨਰੇਟਰ ਰੂਮ ਅਤੇ ਬਾਥਰੂਮ ਸਥਾਪਤ ਕੀਤੇ ਗਏ ਹਨ ਤਾਂ ਜੋ ਰੋਜ਼ਮੱਰਾ ਦੇ ਪ੍ਰਸ਼ਾਸਨਿਕ ਕੰਮਕਾਜ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮਾਲ ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਹਰ ਰੋਜ਼ ਆਪਣੇ ਕੰਮਕਾਜ ਲਈ ਇਸ ਸਬ ਤਹਿਸੀਲ ਦਫ਼ਤਰ ਵਿੱਚ ਆਉਣਗੇ ਅਤੇ ਇਸੇ ਕਰਕੇ ਲੋਕਾਂ ਦੀ ਸਹੂਲਤ ਲਈ ਇਸ ਸਬ ਤਹਿਸੀਲ ਕੰਪਲੈਕਸ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੇ ਲੋਕ ਪੱਖੀ ਕਾਰਜਾਂ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਨਵੇਂ ਕੰਪਲੈਕਸ ਅਤੇ ਰੂਮਾਂ ਨਾਲ ਸਟਾਫ ਨੂੰ ਢੁਕਵਾਂ ਮਾਹੌਲ ਮਿਲੇਗਾ ਜਿਸ ਨਾਲ ਉਹ ਬਿਨਾਂ ਕਿਸੇ ਖੱਜਲ-ਖੁਆਰੀ ਦੇ ਲੋਕਾਂ ਦੇ ਕੰਮਾਂ ਨੂੰ ਤਰਜੀਹ ਦੇਣਗੇ।

