ਪਟਿਆਲਾ ’ਚ ਕਿੰਨਰ ਸਮਾਜ ਦਾ ਹਾਈ ਵੋਲਟੇਜ ਡਰਾਮਾ/ ਡੇਰੇ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਕਿਨਰਾਂ ਦੇ ਦੋ ਧੜੇ/ ਡੀਸੀ ਦਫਤਰ ਬਾਹਰ ਕੀਤਾ ਪ੍ਰਦਰਸ਼ਨ

0
1

 

ਪਟਿਆਲਾ ਦੇ ਜੱਟਾਂ ਵਾਲੇ ਚੌਂਤਰੇ ਸਥਿਤ ਡੇਰੇ ਨੂੰ ਲੈ ਕੇ ਕਿੰਨਰ ਸਮਾਜ ਦੇ ਦੋ ਧੜਿਆਂ ਵਿਚਕਾਰ ਵਿਵਾਦ ਇੱਕ ਵਾਰ ਫਿਰ ਭਖ ਗਿਆ। ਡੇਰੇ ਦੀ ਮਲਕੀਅਤ ਨੂੰ ਲੈ ਕੇ ਸਿਮਰਨ ਮਹੰਤ ਅਤੇ ਨਾਜ਼ੀਆ ਮਹੰਤ, ਪੂਨਮ ਮਹੰਤ ਤੇ ਜਸਲੀਨ ਮਹੰਤ ਆਹਮੋ-ਸਾਹਮਣੇ ਹੋ ਗਏ। ਇਸੇ ਨੂੰ ਲੈ ਕੇ ਨਾਜ਼ੀਆ ਮਹੰਤ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਆਪਣਾ ਮੰਗ ਪੱਤਰ ਪ੍ਰਸ਼ਾਸਨ ਨੂੰ ਸੌਂਪਿਆ ਅਤੇ ਡੇਰੇ ਦੇ ਮਾਮਲੇ ਵਿੱਚ ਆਪਣੇ ਨਾਲ ਧੋਖਾਧੜੀ ਹੋਣ ਦੇ ਦੋਸ਼ ਲਗਾਏ। ਇਸ ਦੌਰਾਨ ਡੀਸੀ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਅਤੇ ਪਿੱਟ-ਸਿਆਪਾ ਵੀ ਕੀਤਾ ਗਿਆ।
ਨਾਜ਼ੀਆ ਮਹੰਤ ਅਤੇ ਪੂਨਮ ਮਹੰਤ ਦਾ ਦੋਸ਼ ਹੈ ਕਿ ਸਿਮਰਨ ਮਹੰਤ ਨੇ ਪਹਿਲਾਂ ਉਨ੍ਹਾਂ ਤੋਂ ਵੱਡੀ ਰਕਮ ਲਈ ਸੀ, ਪਰ ਬਾਅਦ ਵਿੱਚ ਡੇਰੇ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਅਦਾਲਤ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਡੇਰਾ ਖਾਲੀ ਨਹੀਂ ਕਰਨਗੇ ਅਤੇ ਆਪਣੇ ਹੱਕ ਲਈ ਸੰਘਰਸ਼ ਜਾਰੀ ਰੱਖਣਗੇ।
ਦੂਜੇ ਪਾਸੇ, ਸਿਮਰਨ ਮਹੰਤ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ 2021 ਤੋਂ ਕਾਨੂੰਨੀ ਲੜਾਈ ਲੜੀ ਹੈ ਅਤੇ ਮਾਣਯੋਗ ਅਦਾਲਤ ਤੋਂ ਆਪਣੇ ਹੱਕ ਵਿੱਚ ਫ਼ੈਸਲਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਵਿੱਚ ਅਦਾਲਤ ਦੇ ਹੁਕਮਾਂ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਕਾਰਵਾਈ ਕਰਨਗੇ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਅਦਾਲਤੀ ਫ਼ੈਸਲੇ ਤੋਂ ਬਾਅਦ ਡੇਰੇ ਦਾ ਕਬਜ਼ਾ ਕਿਸ ਨੂੰ ਮਿਲਦਾ ਹੈ ਅਤੇ ਇਹ ਵਿਵਾਦ ਅੱਗੇ ਕਿਹੜਾ ਮੋੜ ਲੈਂਦਾ ਹੈ।

LEAVE A REPLY

Please enter your comment!
Please enter your name here