ਬੱਸੀ ਪਠਾਣਾਂ ’ਚ ਨਿਗਮ ਉਮੀਦਵਾਰਾਂ ਦਾ ਪ੍ਰਦਰਸ਼ਨ/ ਧਾਦਲੀ ਹੋਣ ਦੀ ਪ੍ਰਗਟਾਈ ਸ਼ੰਕਾ/ ਆਜ਼ਾਦ ਉਮੀਦਵਾਰਾਂ ਨੇ ਮੰਗਿਆ ਇਨਸਾਫ

0
1

ਨਗਰ ਕੌਂਸਲ ਬੱਸੀ ਪਠਾਣਾਂ ਦੀਆਂ ਚੋਣਾਂ ਵਿਚ ਹਿੱਸਾ ਲੈਣ ਵਾਲੇ ਕੁੱਝ ਉਮੀਦਵਾਰਾਂ ਨੇ ਚੋਣਾਂ ਵਿਚ ਧਾਂਦਲੀ ਦੇ ਇਲਜ਼ਾਮ ਲਾਉਂਦਿਆਂ ਪ੍ਰਦਰਸ਼ਨ ਕੀਤਾ। ਸ਼ਹਿਰ ਦੇ ਵਾਰਡ ਨੰਬਰ-9 ਤੋਂ ਚੋਣ ਲੜਣ ਵਾਲੇ ਆਜ਼ਾਦ ਉਮੀਦਵਾਰਾਂ ਦਾ ਕਹਿਣਾ ਸੀ ਕਿ ਵੋਟਿਗ ਵੈਲੇ ਦਿਨ ਸ਼ਾਮ 5 ਵਜੇ ਉਨ੍ਹਾਂ ਦੇ ਪੋਲਿੰਗ ਏਜੰਟਾਂ ਨੂੰ ਬੂਥ ਤੋਂ ਬਾਹਰ ਕੱਢ ਦਿੱਤਾ ਸੀ ਪਰ ਬੈਲਟ ਬਾਕਸ ਡੇਢ ਘੰਟੇ ਬਾਅਦ ਸੀਲ ਕੀਤੇ ਗਏ ਹਨ। ਉਮੀਦਵਾਰਾਂ ਨੇ ਇਸ ਸਮੇਂ ਦੌਰਾਨ ਧਾਂਦਲੀ ਹੋਣ ਦੀ ਸ਼ੰਕਾ ਜਾਹਰ ਕਰਦਿਆਂ ਵੋਟਾਂ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਇਸ ਡੇਢ ਘੰਟੇ ਦੇ ਸਮੇਂ ਦੀ ਵੀਡੀਓ ਮੁਹੱਈਆ ਕਰਵਾਈ ਜਾਵੇ ਜਾਂ ਦੁਬਾਰਾ ਵੋਟਿੰਗ ਕਰਵਾਈ ਜਾਵੇ।
ਦੱਸਣਯੋਗ ਹੈ ਕਿ ਵਾਰਡ ਨੰਬਰ 9 ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਪੋਲਿੰਗ ਪਾਰਟੀ ਖੁੱਲ੍ਹੇ ਬੈਲਟ ਪੇਪਰਾਂ ਨਾਲ ਨਜ਼ਰ ਆ ਰਹੀ ਹੈ, ਜਿਸ ਕਾਰਨ ਬੁੱਧਵਾਰ ਦੇਰ ਸ਼ਾਮ ਆਈ.ਟੀ.ਆਈ. ਸਥਿਤ ਸਟ੍ਰਾਂਗ ਰੂਮ ਦੇ ਬਾਹਰ ਉਮੀਦਵਾਰਾਂ ਅਤੇ ਸਮਰਥਕਾਂ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਰਾਤ 8 ਵਜੇ ਤੋਂ ਬਾਅਦ ਆਮ ਆਦਮੀ ਪਾਰਟੀ  ਨੂੰ ਛੱਡ ਕੇ ਵਾਰਡ-9 ਦੇ ਬਾਕੀ ਸਾਰੇ ਉਮੀਦਵਾਰਾਂ ਨੇ ਸਰਹਿੰਦ-ਮੋਰਿੰਡਾ ਰੋਡ ਜਾਮ ਕਰਕੇ ਧਰਨਾ ਸ਼ੁਰੂ ਕਰ ਦਿੱਤਾ।
ਆਜ਼ਾਦ ਉਮੀਦਵਾਰ ਸੁਖਦੀਪ ਕੌਰ ਅਤੇ ਰੇਨੂ ਬਾਲਾ ਨੇ ਦੋਸ਼ ਲਾਇਆ ਕਿ ਵੋਟਿੰਗ ਵਾਲੇ ਦਿਨ ਸ਼ਾਮ 5 ਵਜੇ ਉਨ੍ਹਾਂ ਦੇ ਪੋਲਿੰਗ ਏਜੰਟਾਂ ਨੂੰ ਬੂਥ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਕਰੀਬ ਡੇਢ ਘੰਟੇ ਬਾਅਦ ਬੁਲਾ ਕੇ ਬੈਲਟ ਬਾਕਸ ਸੀਲ ਕੀਤੇ ਗਏ। ਉਮੀਦਵਾਰਾਂ ਨੇ ਸਵਾਲ ਚੁੱਕਿਆ ਕਿ ਜੇਕਰ ਬਾਕੀ ਬਚੇ ਬੈਲਟ ਪੇਪਰ ਪਹਿਲਾਂ ਹੀ ਸੀਲ ਹੋ ਚੁੱਕੇ ਸਨ, ਤਾਂ ਪੋਲਿੰਗ ਪਾਰਟੀ ਬੰਦ ਕਮਰੇ ਵਿੱਚ ਖੁੱਲ੍ਹੇ ਬੈਲਟ ਪੇਪਰਾਂ ਨਾਲ ਕੀ ਕਰ ਰਹੀ ਸੀ?
ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹਾਈਕੋਰਟ ਦੇ ਹੁਕਮਾਂ ਅਨੁਸਾਰ ਉਸ ਡੇਢ ਘੰਟੇ ਦੀ ਅਧਿਕਾਰਤ ਵੀਡੀਓ ਰਿਕਾਰਡਿੰਗ ਦਿਖਾਉਣ ਦੀ ਮੰਗ ਕੀਤੀ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਜੇਕਰ ਬੈਲਟ ਪੇਪਰਾਂ ਨਾਲ ਕੋਈ ਛੇੜਛਾੜ ਹੋਈ ਹੈ, ਤਾਂ ਚੋਣ ਰੱਦ ਕਰਕੇ ਦੁਬਾਰਾ ਮਤਦਾਨ ਕਰਵਾਇਆ ਜਾਵੇ। ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ. ਰਾਜਕੁਮਾਰ ਸ਼ਰਮਾ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਪ੍ਰਸ਼ਾਸਨ ਵੱਲੋਂ ਅਜੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।

LEAVE A REPLY

Please enter your comment!
Please enter your name here