ਸੰਗਰੂਰ ’ਚ ਸਾਈਕਲਿਸਟਾਂ ਨਾਲ ਲੁੱਟ-ਖੋਹ ਦੀ ਕੋਸ਼ਿਸ਼/ ਕਾਰ ਸਵਾਰਾਂ ਨੇ ਰਸਤੇ ’ਚ ਘੇਰ ਕੇ ਕੀਤਾ ਹਮਲਾ/ ਤਲਵਾਰ ਲਹਿਰਾ ਕੇ ਡਰਾਏ ਜਾਣ ਦੀ ਵੀਡੀਓ ਵਾਇਰਲ

0
1

ਸੰਗਰੂਰ ਵਿਖੇ ਕੁਝ ਸਾਈਕਲਿਸਟ ਨੌਜਵਾਨਾਂ ਨਾਲ ਲੁੱਟਖੋਹ ਦੀ ਕੋਸ਼ਿਸ਼ ਦੀ ਖਬਰ ਸਾਹਮਣੇ ਆਈ ਹੈ।  ਜਾਣਕਾਰੀ ਅਨੁਸਾਰ ਨੌਜਵਾਨਾਂ ਦਾ ਇਕ ਗਰੁੱਪ ਸਾਈਕਲਿੰਗ ਲਈ ਨਿਕਲਿਆਂ ਸੀ ਕਿ ਜਦੋਂ ਉਹ ਮੁੱਖ ਮਾਰਗ ਤੋਂ ਲੰਘ ਰਹੇ ਸਨ ਤਾਂ ਚਿੱਠੇ ਰੰਗ ਦੀ ਕਾਰ ਵਿਚ ਆਏ ਲੁਟੇਰਿਆਂ ਨੇ ਅਚਾਨਕ ਉਨ੍ਹਾਂ ਅੱਗੇ ਕਾਰ ਦੀ ਬਰੈਕ ਮਾਰ ਦਿੱਤੀ, ਜਿਸ ਕਾਰਨ ਇਕ ਸਾਈਕਲ ਸਵਾਰ ਜ਼ਖਮੀ ਹੋ ਗਿਆ। ਇਸੇ ਦੌਰਾਨ ਸਾਈਕਲ ਸਵਾਰਾਂ ਉਤੇ ਹਮਲੇ ਦੀਆਂ ਵੀਡੀਓ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਕਾਰ ਸਵਾਰ ਲੁਟੇਰੇ ਤਲਵਾਰ ਲਹਿਰਾ ਕੇ ਸਾਈਕਲ ਸਵਾਰਾਂ ਨੂੰ ਡਰਾਉਂਦੇ ਨਜਰ ਆ ਰਹੇ ਨੇ। ਪੁਲਿਸ ਨੇ ਸਾਈਕਲ ਸਵਾਰਾਂ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਘਟਨਾ ਵਿਚ ਵਰਦੀ ਕਾਰ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਤੱਖਦਰਸੀਆਂ ਮੁਤਾਬਕ ਸਾਈਕਲ ਦੀ ਕਾਰ ਨਾਲ ਟੱਕਰ ਤੋਂ ਬਾਅਦ ਕਾਰ ਸਵਾਰ ਇਕ ਨੌਜਵਾਨ ਨੇ ਖਿੜਕੀ ਤੋਂ ਬਾਹਰ ਨਿਕਲ ਕੇ ਤਲਵਾਰ ਦਿਖਾ ਕੇ ਸਾਈਕਲ ਸਵਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਸਾਈਕਲ ਸਵਾਰਾਂ ਵੱਲੋਂ ਇਕੱਠੇ ਹੋ ਕੇ ਮੁਕਾਬਲੇ ਲਈ ਤਿਆਰ ਹੋਣ ਤੋਂ ਬਾਅਦ ਕਾਰ ਸਵਾਰ ਮੌਕੇ ਤੇ ਫਰਾਰ ਹੋ ਗਏ। ਘਟਨਾ ਦੀ ਵੀਡੀਓ ਸਾਈਕਲਾਂ ‘ਤੇ ਲੱਗੇ ਕੈਮਰਿਆਂ ਵਿਚ ਰਿਕਾਰਡ ਹੋ ਗਈ ਹੈ। ਫੁਟੇਜ ਵਿਚ ਕਾਰ ਵੱਲੋਂ ਰਸਤਾ ਰੋਕਣਾ ਅਤੇ ਹਥਿਆਰ ਲਹਿਰਾਉਣਾ ਸਾਫ਼ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ.  ਕੈਮਰਿਆਂ ਦੀ ਫੁਟੇਜ ਅਤੇ ਸਾਈਕਲ ਸਵਾਰਾਂ ਦੇ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਲੁੱਟ ਖੋਹ ਦਾ ਸ਼ਿਕਾਰ ਹੋਏ ਸਾਈਕਲ ਚਲਾਉਣ ਵਾਲੇ ਰਾਜਕੁਮਾਰ ਨੇ ਦੱਸਿਆ ਕਿ ਉਹ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੋਂ ਥੋੜਾ ਅੱਗੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਭਵਾਨੀਗੜ੍ਹ ਵੱਲ ਨੂੰ ਸਾਈਕਲ ਕਰ ਰਹੇ ਸਨ ਤੇ ਸਮਾਂ ਸਵੇਰੇ 5.30 ਵਜੇ ਦਾ ਸੀ ਜਦੋਂ ਉਹਨਾਂ ਤੇ ਅਣਪਛਾਤੇ ਕਾਰ ਸਵਾਰਾਂ ਨੇ ਹਮਲਾ ਕਰ ਦਿੱਤਾ, ਉਹ ਦੋ ਟੀਮਾਂ ਦੇ ਵਿੱਚ ਸਾਈਕਲਿੰਗ ਕਰ ਰਹੇ ਸਨ ਜਿਸ ਦੇ ਵਿੱਚ ਤਿੰਨ ਜਣੇ ਪਿੱਛੇ ਸਨ ਅਤੇ ਦੋ ਜਣੇ ਅੱਗੇ ਸਨ। ਉਹਨਾਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਫਿਰ ਇਸ ਤੋਂ ਅੱਗੇ ਸਾਡੇ ਦੋ ਅੱਗੇ ਸਾਥੀ ਸਨ, ਉਹਨਾਂ ਤੇ ਹਮਲਾ ਕੀਤਾ ਜਿਸ ਦੇ ਵਿੱਚੋਂ ਰਾਜਕੁਮਾਰ ਦਾ ਫੋਨ ਖੋਹਣ ਦੇ ਵਿੱਚ ਕਾਮਯਾਬ ਹੋਏ। ਇਸ ਤੋਂ ਬਾਅਦ ਲੁਟੇਰਿਆਂ ਵੱਲੋਂ ਅੱਗੇ ਵੀ ਇੱਕ ਪਿੰਡ ਵਿੱਚ ਕੁਝ ਲੋਕਾਂ ਤੇ ਹਮਲਾ ਕੀਤਾ ਗਿਆ।
ਰਾਜ ਕੁਮਾਰ ਮੁਤਾਬਕ ਉਹ ਪਿਛਲੇ ਪੰਜ ਸਾਲਾਂ ਤੋਂ ਉਹਨਾਂ ਦਾ ਗਰੁੱਪ ਸਾਈਕਲਿੰਗ ਕਰਦਾ ਹੈ ਪਰ ਉਨ੍ਹਾਂ ਨਾਲ ਵਾਪਰੀ ਇਹ ਪਹਿਲੀ ਘਟਨਾ ਹੈ, ਜਿਸ ਕਾਰਨ ਉਨ੍ਹਾਂ ਵਿਚ ਡਰ ਬਣਿਆ ਹੋਇਆ ਹੈ।  ਥਾਣਾ ਸਦਰ ਬਾਲੀਆਂ ਦੇ ਐਸਐਚਓ ਅਵਤਾਰ ਸਿੰਘ ਦੇ ਦੱਸਣ ਮੁਤਾਬਕ ਉਹਨਾਂ ਨੇ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚ ਕੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਕੁੱਝ ਦੂਰੀ ਤੇ ਇਕ ਗੱਡੀ ਬਰਾਮਦ ਕਰ ਲਈ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here