ਪਟਿਆਲਾ ’ਚ ਵਾਪਰੀ ਦਿਲ ਦਹਿਲਾਉਣ ਦੀ ਘਟਨਾ/ ਮਾਂ-ਪਿਉ ਨੇ ਬੱਚਿਆਂ ਸਮੇਤ ਮਾਰੀ ਨਹਿਰ ’ਚ ਛਾਲ/ ਮਾਂ-ਪਿਓ ਦਾ ਬਚਾਅ, ਤਿੰਨ ਮਾਸੂਮਾਂ ਦੀ ਹੋਈ ਮੌਤ

0
1

 

ਪਟਿਆਲਾ ਦੇ ਨੇੜੇ ਲੰਘਦੀ ਭਾਖੜਾ ਨਹਿਰ ਵਿੱਚੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮਾਂ-ਬਾਪ ਵੱਲੋਂ ਆਪਣੇ ਤਿੰਨ ਮਾਸੂਮ ਬੱਚਿਆਂ ਨੂੰ ਨਹਿਰ ਵਿੱਚ ਸੁੱਟਣ ਮਗਰੋਂ ਖੁਦ ਵੀ ਛਾਲ ਮਾਰ ਦਿੱਤੀ। ਇਸ ਦਰਦਨਾਕ ਘਟਨਾ ਦੌਰਾਨ ਤਿੰਨਾਂ ਬੱਚਿਆਂ ਦੀ ਮੌਤ ਹੋ ਗਈ, ਜਦਕਿ ਮਾਂ-ਬਾਪ ਨੂੰ ਰਾਹਗੀਰਾਂ ਨੇ ਬਚਾ ਲਿਆ। ਖਬਰਾਂ ਮੁਤਾਬਕ ਇਸ ਪਰਿਵਾਰ ਨੇ ਇਹ ਕਦਮ ਰਿਸ਼ਤੇਦਾਰਾਂ ਨਾਲ ਘਰੇਲੂ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਹੈ। ਗੋਤਾਖੋਰਾਂ ਦੇ ਦੱਸਣ ਮੁਤਾਬਕ ਲਾਂਡਰਾਂ ਦਾ ਰਹਿਣ ਵਾਲਾ ਇਹ ਪਰਿਵਾਰ 9 ਵਜੇ ਨਹਿਰ ਉਤੇ ਆਇਆ ਸੀ। ਮਰਨ ਵਾਲਿਆਂ ਵਿਚ 12 ਸਾਲਾ ਪੁੱਤਰ, 12 ਤੇ 7 ਸਾਲਾਂ ਦੀ ਦੋ ਧੀਆਂ ਸ਼ਾਮਲ ਹਨ। ਪੁਲਿਸ ਨੇ ਮਾਪਿਆਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭੋਲੇ ਸ਼ੰਕਰ ਡਾਈਵਰਟ ਟੀਮ ਦੇ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 9 ਵਜੇ ਦੀ ਹੈ। ਲਾਂਡਰਾਂ ਪਿੰਡ ਦੇ ਰਹਿਣ ਵਾਲਾ ਇਕ ਪਰਿਵਾਰ ਮੋਟਰਸਾਈਕਲ ‘ਤੇ ਭਾਖੜਾ ਨਹਿਰ ਵੱਲ ਆਇਆ ਸੀ। ਪਰਿਵਾਰ ਵਿੱਚ 15 ਸਾਲ ਦਾ ਪੁੱਤਰ, 12 ਸਾਲ ਦੀ ਧੀ ਅਤੇ 7 ਸਾਲ ਦੀ ਇਕ ਹੋਰ ਮਾਸੂਮ ਬੱਚੀ ਸ਼ਾਮਲ ਸੀ। ਮੰਡੋਲੀ ਪਿੰਡ ਕੋਲ ਪਹੁੰਚ ਕੇ ਪਹਿਲਾਂ ਬੱਚਿਆਂ ਨੂੰ ਨਹਿਰ ਵਿੱਚ ਸੁੱਟਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਵੱਡੇ ਪੁੱਤਰ ਨੂੰ ਨਹਿਰ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਮੋਟਰਸਾਈਕਲ ਨੂੰ ਜੱਫਾ ਪਾ ਲਿਆ, ਪਰ ਮਾਂ-ਬਾਪ ਨੇ ਕਿਸੇ ਤਰ੍ਹਾਂ ਉਸਨੂੰ ਛੁਡਾ ਕੇ ਨਹਿਰ ਵਿੱਚ ਧੱਕ ਦਿੱਤਾ। ਇਸ ਤੋਂ ਬਾਅਦ ਦੋਵੇਂ ਮਾਂ-ਬਾਪ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ।
ਰਾਹਗੀਰ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਮਾਂ-ਬਾਪ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ, ਪਰ ਤਿੰਨੇ ਬੱਚੇ ਪਾਣੀ ਦੇ ਤੇਜ਼ ਭਾਵ ਕਾਰਨ ਦੂਰ ਤੱਕ ਚਲੇ ਗਏ। ਗੋਤਾਖੋਰ ਟੀਮ ਨੂੰ ਸੂਚਨਾ ਮਿਲਣ ਮਗਰੋਂ ਕਈ ਘੰਟਿਆਂ ਦੀ ਕੜੀ ਮਸ਼ੱਕਤ ਤੋਂ ਬਾਅਦ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨਹਿਰ ਵਿੱਚੋਂ ਬਾਹਰ ਕੱਢੀਆਂ ਗਈਆਂ। ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਛੋਟੇ-ਛੋਟੇ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਕੱਢਣਾ ਗੋਤਾਖੋਰਾਂ ਲਈ ਵੀ ਬਹੁਤ ਦਹਿਲਾ ਦੇਣ ਵਾਲਾ ਮੰਜ਼ਰ ਸੀ। ਪ੍ਰਾਰੰਭਿਕ ਜਾਣਕਾਰੀ ਅਨੁਸਾਰ ਪਰਿਵਾਰ ਦਾ ਕਿਸੇ ਰਿਸ਼ਤੇਦਾਰ ਨਾਲ ਪਰਿਵਾਰਿਕ ਝਗੜਾ ਚੱਲ ਰਿਹਾ ਸੀ, ਹਾਲਾਂਕਿ ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਂ-ਬਾਪ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੂਰੇ ਇਲਾਕੇ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

LEAVE A REPLY

Please enter your comment!
Please enter your name here