ਅੰਮ੍ਰਿਤਸਰ ‘ਚ ਅਕਾਲੀ ਦਲ ਵਾਰਸ ਪੰਜਾਬ ਦੀ ਪ੍ਰੈੱਸ ਕਾਨਫਰੰਸ/ ਪੰਥਕ ਸੰਸਥਾਵਾਂ ਨੂੰ ਬਾਈਪਾਸ ਕਰ ਕੇ ਕਾਨੂੰਨ ਬਣਾਉਣ ਦਾ ਵਿਰੋਧ

0
1

ਅਕਾਲੀ ਦਲ ਵਾਰਸ ਪੰਜਾਬ ਨੇ ਅੰਮ੍ਰਿਤਸਰ ਦੇ ਪ੍ਰੈੱਸ ਕਲੱਬ ਵਿਖੇ ਅਹਿਮ ਪ੍ਰੈਸ ਕਾਨਫਰੰਸ ਕਰ ਕੇ ਸਿੱਖ ਕੌਮ ਨੂੰ ਦਰਪੇਸ਼ ਚੁਨੌਤੀਆਂ ਬਾਰੇ ਖੁੱਲ ਕੇ ਚਰਚਾ ਕੀਤੀ।  ਇਸ ਮੌਕੇ ਸੰਬੋਧਨ ਕਰਦਿਆਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸਰਕਾਰਾਂ ਦੀਆਂ ਨੀਤੀਆਂ ‘ਤੇ ਤਿੱਖੇ ਸਵਾਲ ਚੁੱਕੇ। ਉਨ੍ਹਾਂ ਸਰਕਾਰ ਵੱਲੋਂ ਸਿੱਖ ਸੰਸਥਾਵਾਂ ਨੂੰ ਬਾਈਪਾਸ ਕਰ ਕੇ ਕਾਨੂੰਨ ਬਣਾਉਣ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਪੰਥ ਅਜਿਹੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰੇਗਾ।  ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਜਥੇਦਾਰ ਸਾਹਿਬਾਨ, ਸਿੱਖ ਵਿਦਵਾਨਾਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਹੈ।
ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਸਰਕਾਰ ਵੱਲੋਂ ਪ੍ਰਚਾਰੇ ਜਾ ਰਹੇ ਕੁਝ ਕਾਨੂੰਨਾਂ ਕਾਰਨ ਸੰਗਤਾਂ ਅੰਦਰ ਭਰਮ ਅਤੇ ਡਰ ਦਾ ਮਾਹੌਲ ਹੈ, ਜਿਸ ਨਾਲ ਲੋਕਾਂ ਨੂੰ ਗੁਰੂ ਸਾਹਿਬ ਦੀ ਬਾਣੀ ਤੋਂ ਦੂਰ ਕਰਨ ਦੀ ਸਾਜ਼ਿਸ਼ ਜਾਪਦੀ ਹੈ। ਉਨ੍ਹਾਂ ਵੋਟਿੰਗ ਪ੍ਰਣਾਲੀ ਅਤੇ ਪੰਜਾਬ ਦੀ ਸਿਆਸਤ ‘ਤੇ ਬਾਹਰੀ ਕਬਜ਼ੇ ਦੇ ਖ਼ਦਸ਼ਿਆਂ ਬਾਰੇ ਬੋਲਦਿਆਂ ਕਿਹਾ ਕਿ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਅਜਿਹੇ ਹਾਲਾਤ ਪੈਦਾ ਕੀਤੇ ਜਾ ਸਕਦੇ ਹਨ, ਜਿੱਥੇ ਰੁਜ਼ਗਾਰ ਜਾਂ ਪੜ੍ਹਾਈ ਲਈ ਬਾਹਰ ਗਏ ਅਸਲੀ ਪੰਜਾਬੀਆਂ ਦੀਆਂ ਵੋਟਾਂ ਕੱਟ ਕੇ ਬਾਹਰਲੇ ਲੋਕਾਂ ਦੀਆਂ ਵੋਟਾਂ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ।
ਉਨ੍ਹਾਂ ਮੰਗ ਕੀਤੀ ਕਿ ਇਹ ਸਾਰੀ ਪ੍ਰਕਿਰਿਆ ਪਾਰਦਰਸ਼ੀ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੰਮੇ ਸਮੇਂ ਤੋਂ ਚੋਣਾਂ ਨਾ ਕਰਵਾ ਕੇ ਕੌਮ ਨੂੰ ਭੰਬਲਭੂਸੇ ਵਿੱਚ ਰੱਖ ਰਹੀ ਹੈ, ਜਦਕਿ ਚੋਣਾਂ ਰਾਹੀਂ ਹੀ ਸਹੀ ਲੀਡਰਸ਼ਿਪ ਸਾਹਮਣੇ ਆ ਸਕਦੀ ਹੈ।  ਅਕਾਲੀ ਦਲ ਦੇ ਪੁਨਰ-ਸੁਰਜੀਤੀ ਗਠਜੋੜ ਦੇ ਟੁੱਟਣ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਕੁਝ ਅਜਿਹੇ ਆਗੂਆਂ ਨੂੰ ਮੁੜ ਅੱਗੇ ਲਿਆਂਦਾ ਜਾ ਰਿਹਾ ਸੀ ਜੋ ਆਪਣਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ ਅਤੇ ਜਿਨ੍ਹਾਂ ਕਰਕੇ ਪਾਰਟੀ ਦਾ ਪਤਨ ਹੋਇਆ ਸੀ। ਉਨ੍ਹਾਂ ਕਿਹਾ ਕਿ ਸਾਡੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ, ਪਰ ਕੌਮ ਦੀਆਂ ਭਾਵਨਾਵਾਂ ਦੇ ਉਲਟ ਜਾਣ ਵਾਲਿਆਂ ਨਾਲ ਸਮਝੌਤਾ ਨਹੀਂ ਹੋ ਸਕਦਾ।
ਉਨ੍ਹਾਂ ਕਾਂਗਰਸ ਅਤੇ ਭਾਜਪਾ ਨਾਲ ਕਿਸੇ ਵੀ ਗਠਜੋੜ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਹਮੇਸ਼ਾ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ ਅਤੇ ਸਾਡੀਆਂ ਸੰਸਥਾਵਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।  ਕਾਨਫਰੰਸ ਦੌਰਾਨ ਆਪ ਆਗੂ ਰਸ਼ਪਾਲ ਸਿੰਘ ਨੇ ‘ਆਪ’ ਨੂੰ ਛੱਡ ਕੇ ਅਕਾਲੀ ਦਲ ਵਾਰਸ ਪੰਜਾਬ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪੰਜਾਬ ਸਰਕਾਰ ਨੂੰ ਨਿਸ਼ਾਨੇ ਉਤੇ ਲੈਂਦਿਆਂ ਰਸ਼ਪਾਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੇਅਦਬੀ ਦੇ ਇਨਸਾਫ਼, ਨਸ਼ਾ ਖ਼ਤਮ ਕਰਨ, ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਜਨਤਾ ਦੇ ਪੈਸੇ ਦੀ ਸਹੀ ਵਰਤੋਂ ਵਰਗੇ ਪੰਜ ਮੁੱਖ ਮੁੱਦਿਆਂ ‘ਤੇ ਸੱਤਾ ਵਿੱਚ ਆਈ ਸੀ, ਪਰ ਇਹ ‘ਬਦਲਾਅ’ ਸਭ ਨਾਲੋਂ ਭੈੜਾ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ, ਨਸ਼ਾ ਚਰਮ ‘ਤੇ ਹੈ ਅਤੇ ਨੌਜਵਾਨ ਵੱਡੇ ਪੱਧਰ ‘ਤੇ ਹਿਜਰਤ ਕਰ ਰਹੇ ਹਨ। ਉਨ੍ਹਾਂ ਪੰਜਾਬ ਵਾਸਿਆਂ ਨੂੰ ਅਪੀਲ ਕੀਤੀ ਕਿ ਜੇਕਰ ਆਪਣੀ ਹੋਂਦ, ਬੱਚਿਆਂ ਦੇ ਭਵਿੱਖ ਅਤੇ ਧਰਮ ਨੂੰ ਬਚਾਉਣਾ ਹੈ, ਤਾਂ ਸ਼ਹੀਦ ਭਾਈ ਦੀਪ ਸਿੱਧੂ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ‘ਤੇ ਪਹਿਰਾ ਦਿੰਦੇ ਹੋਏ ‘ਅਕਾਲੀ ਦਲ ਵਾਰਸ ਪੰਜਾਬ’ ਦਾ ਸਾਥ ਦਿੱਤਾ ਜਾਵੇ।

LEAVE A REPLY

Please enter your comment!
Please enter your name here