
ਮੋਹਾਲੀ ਸਥਿਤ ਖਰੜ ਦੀ ਇਕ ਹਾਊਸਿੰਗ ਸੁਸਾਇਟੀ ਅੰਦਰ ਘਰੇਲੂ ਨੌਕਰ ਵੱਲੋਂ ਦਿਨ ਦਿਹਾੜੇ ਲੁੱਟ ਕਰਨ ਦੀ ਖੋਫਨਾਕ ਵਾਰਦਾਤ ਸਾਹਮਣੇ ਆਈ ਹੈ। ਇੱਥੇ 5 ਦਿਨ ਪਹਿਲਾਂ ਰੱਖੇ ਨੌਕਰ ਨੇ ਘਰ ਦੀ ਮਾਲਕਣ ਨੂੰ ਇਕੱਲੀ ਵੇਖ ਕੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਘਰ ਵਿਚੋਂ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਿਆ। ਘਰ ਦੀ ਮਾਲਕਣ ਲਹੂ-ਲੁਹਾਣ ਹਾਲਤ ਵਿਚ ਮਿਲੀ ਹੈ, ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਸ਼ਿਕਾਇਤਕਰਤਾ ਈਨਾਮ ਸਾਬਿਰ ਦੇ ਦੱਸਣ ਮੁਤਾਬਕ ਉਹ ਆਪਣੀ ਪਤਨੀ ਸ਼ਬਨਮ ਨਾਲ ਪਿਛਲੇ ਕਈ ਸਾਲਾਂ ਤੋਂ ਖਰੜ ਵਿਖੇ ਰਹਿ ਰਹੇ ਹਨ। ਉਸਨੇ ਦੱਸਿਆ ਕਿ ਕਰੀਬ 5-6 ਦਿਨ ਪਹਿਲਾਂ ਹੀ ਬਿਹਾਰ ਦੇ ਰਹਿਣ ਵਾਲੇ ਹੀਰਾ ਲਾਲ ਸਾਹਨੀ ਉਰਫ਼ ਹੈਰੀ ਨਾਂ ਦੇ ਨੌਕਰ ਨੂੰ ਘਰ ਦੇ ਕੰਮਾਂ ਲਈ ਰੱਖਿਆ ਸੀ। ਬੀਤੇ ਦਿਨ ਜਦੋਂ ਉਹ ਘਰੋਂ ਬਾਹਰ ਗਿਆ ਹੋਇਆ ਸੀ ਤਾਂ ਪਿੱਛੋਂ ਨੇ ਸਬਨਮ ਨੂੰ ਇਕੱਲੀ ਵੇਖ ਕੇ ਹਮਲਾ ਕਰ ਦਿੱਤਾ ਅਤੇ ਘਰ ਵਿਚ ਪਈ ਨਕਦੀ ਅਤੇ ਸੋਨੇ, ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ। ਸਬਨਮ ਘਰ ਅੰਦਰ ਅਦਮੋਈ ਹਾਲਤ ਵਿਚ ਖੂਨ ਨਾਲ ਲੱਥਪੱਥ ਪਈ ਮਿਲੀ, ਜਿਸ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪੀੜਤ ਮਹਿਲਾ ਦਾ ਪਤੀ ਇਨਾਮ ਸਾਬਿਰ ਨਿੱਝਰ ਚੌਕ ਨੇੜੇ ਕਲੀਨਿਕ ਚਲਾਉਂਦੇ ਹਨ। ਪਤੀ ਦੇ ਬਿਆਨਾਂ ਮੁਤਾਬਕ ਉਹ ਸਵੇਰ ਕਰੀਬ 6:30 ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਜਿੰਮ ਲਈ ਘਰ ਤੋਂ ਨਿਕਲੇ ਸਨ। ਉਸ ਸਮੇਂ ਉਨ੍ਹਾਂ ਦੀ ਪਤਨੀ ਸਬਨਮ ਅੰਸਾਰੀ ਘਰ ਵਿੱਚ ਸੁੱਤੀ ਹੋਈ ਸੀ, ਜਦਕਿ ਨੌਕਰ ਰਸੋਈ ਵਿੱਚ ਕੰਮ ਕਰ ਰਿਹਾ ਸੀ। ਸਵੇਰੇ ਕਰੀਬ 8:10 ਵਜੇ ਜਦੋਂ ਉਹ ਵਾਪਸ ਘਰ ਪਹੁੰਚੇ ਤਾਂ ਨੌਕਰ ਘਰ ਵਿੱਚ ਮੌਜੂਦ ਨਹੀਂ ਸੀ ਅਤੇ ਬੈੱਡਰੂਮ ਅੰਦਰੋਂ ਬੰਦ ਸੀ। ਅੰਦਰੋਂ ਪਤਨੀ ਦੀਆਂ ਚੀਖਾਂ ਸੁਣਾਈ ਦੇਣ ‘ਤੇ ਪੜੋਸੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ। ਅੰਦਰ ਦਾਖ਼ਲ ਹੋਣ ‘ਤੇ ਸਬਨਮ ਅੰਸਾਰੀ ਬਾਥਰੂਮ ਵਿੱਚ ਖੂਨ ਨਾਲ ਲਥਪਥ ਹਾਲਤ ਵਿੱਚ ਮਿਲੀ ਅਤੇ ਕਮਰੇ ਵਿੱਚ ਕਈ ਥਾਵਾਂ ‘ਤੇ ਖੂਨ ਫੈਲਿਆ ਹੋਇਆ ਸੀ।
ਇਨਾਮ ਸਾਬਿਰ ਮੁਤਾਬਿਕ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਨੌਕਰ ਹੀਰਾ ਲਾਲ ਨੇ ਬੇਲਣ ਨਾਲ ਉਸ ‘ਤੇ ਹਮਲਾ ਕੀਤਾ ਅਤੇ ਘਰ ਵਿੱਚ ਪਈ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਅਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਿਆ। ਸਥਾਨਕ ਪੁਲਿਸ ਨੇ ਮੈਕਸ ਹਸਪਤਾਲ ਤੋਂ ਮਿਲੇ ਡਾਕਟਰੀ ਰੁੱਕੇ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਮਹਿਲਾ ਦੀ MLR ਵਿੱਚ ਸਰੀਰ ‘ਤੇ ਕੁੱਲ 9 ਸੱਟਾਂ ਦਰਜ ਕੀਤੀਆਂ ਗਈਆਂ ਹਨ। ਪੁਲਿਸ ਨੇ ਮੁਲਜਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


