ਪੰਜਾਬ ਆਪ ਦੇ ਹੋਏ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ/ ਮੁੱਖ ਮੰਤਰੀ ਮਾਨ ਨੇ ਪਾਰਟੀ ’ਚ ਕਰਵਾਇਆ ਸ਼ਾਮਲ/ ਪਿੰਡ ਰੱਖੜਾ ਵਿਖੇ ਸਮਾਗਮ ਦੌਰਾਨ ਫੜਿਆ ਪੱਲਾ By admin - May 16, 2026 0 2 Facebook Twitter Pinterest WhatsApp ਸਾਬਕਾ ਮੰਤਰੀ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅੱਜ ਅਕਾਲੀ ਦਲ ਪੁਨਰ ਸੁਰਜੀਤ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਪਟਿਆਲਾ ਦੇ ਪਿੰਡ ਰੱਖੜਾ ਵਿਖੇ ਹੋਏ ਇਕ ਖਾਸ ਸਮਾਗਮ ਦੌਰਾਨ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ। ਇਸ ਤੋਂ ਪਹਿਲਾਂ ਸਾਬਕਾ ਜਥੇਦਾਰ ਤੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਕਾਰਨ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਦਾ ਦਾਅਵਾ ਕੀਤਾ ਸੀ। ਖਬਰਾਂ ਮੁਤਾਬਕ ਸੁਰਜੀਤ ਸਿੰਘ ਰੱਖੜਾ ਨੇ ਇਸ ਉਤੇ ਦਿੱਤੇ ਪ੍ਰਤੀਕਰਮ ਵਿਚ ਕਿਹਾ ਸੀ ਕਿ ਅਕਾਲੀ ਦਲ ਪੁਨਰ ਸੁਰਜੀਤ ਕੋਲ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਣ ਦਾ ਪੂਰਾ ਹੱਕ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਲੀਡਰਸ਼ਿਪ ਨੂੰ ਆਪਣੀ ਇੱਛਾ ਬਾਰੇ ਦੱਸ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸੁਰਜੀਤ ਰੱਖੜਾ ਕਾਫੀ ਸਮੇਂ ਤੋਂ ਸਿਆਸਤ ਵਿਚ ਸਰਗਰਮ ਹਨ। ਸ਼ੁਰੂ ’ਚ ਉਹ ਗੁਰਚਰਨ ਸਿੰਘ ਟੌਹੜਾ ਨਾਲ ਜੁੜੇ ਹੋਏ ਸਨ ਪਰ 1999 ’ਚ ਅਕਾਲੀ ਦਲ ਦੀ ਧੜੇਬੰਦੀ ਦੌਰਾਨ ਬਾਦਲ ਧੜੇ ਨੇ ਸੁਰਜੀਤ ਸਿੰਘ ਰੱਖੜਾ ਨੂੰ ਆਪਣੇ ਨਾਲ ਜੋੜਦਿਆਂ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜਾਈ ਸੀ। ਇਸ ਤੋਂ ਬਾਅਦ 2002 ’ਚ ਉਹ ਸਮਾਣਾ ਹਲਕੇ ਤੋਂ ਬਾਦਲ ਦਲ ਤੋਂ ਵਿਧਾਇਕ ਬਣੇ, ਪਰ 2007 ’ਚ ਹਾਰ ਗਏ ਤੇ 2012 ’ਚ ਮੁੜ ਸਮਾਣਾ ਤੋਂ ਹੀ ਵਿਧਾਇਕ ਬਣ ਕੇ ਬਾਦਲ ਸਰਕਾਰ ’ਚ ਪੰਚਾਇਤ ਮੰਤਰੀ ਵੀ ਬਣੇ। ਇਸ ਤੋਂ ਬਾਅਦ 2017 ਅਤੇ 2022 ਦੀਆਂ ਚੋਣਾਂ ਦੌਰਾਨ ਉਹ ਚੋਣ ਹਾਰ ਗਏ ਸਨ। ਅਕਾਲੀ ਸਰਕਾਰਾਂ ਦੌਰਾਨ ਉਹਨਾਂ ਨੇ ਮਾਲ ਅਤੇ ਮੁੜ ਵਸੇਬਾ ਵਿਭਾਗ ਵਰਗੇ ਅਹਿਮ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੰਭਾਲੀ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੀ ਬਹੁਤ ਨੇੜਤਾ ਸੀ ਪਰ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਤਭੇਦਾਂ ਕਾਰਨ ਉਨ੍ਹਾਂ ਨੇ ਪਾਰਟੀ ਤੋਂ ਦੂਰੀ ਬਣਾ ਲਈ, ਜਿਸ ਦੇ ਚਲਦਿਆਂ ਉਹ ਬਾਦਲ ਧੜੇ ਨੂੰ ਛੱਡ ਕੇ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਸ਼ਾਮਲ ਹੋ ਗਏ ਸਨ।