ਪੰਜਾਬ ਪੰਜਾਬ ਦੇ 72 ਅਧਿਆਪਕ ਫਿਨਲੈਂਡ ਲਈ ਰਵਾਨਾ/ ਮੁੱਖ ਮੰਤਰੀ ਮਾਨ ਨੇ ਦਿਖਾਈ ਹਰੀ ਝੰਡੀ/ ਫਿਨਲੈਂਡ ’ਚ ਸਿਖਲਾਈ ਲੈਣਗੇ ਅਧਿਆਪਕ By admin - May 16, 2026 0 2 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਅਧਿਆਪਕਾਂ ਨੂੰ ਟਰੈਨਿੰਗ ਲਈ ਲਗਾਤਾਰ ਵਿਦੇਸ਼ ਭੇਜਿਆ ਜਾ ਰਿਹਾ ਹੈ। ਇਸੇ ਤਹਿਤ 72 ਸਰਕਾਰੀ ਅਧਿਆਪਕਾਂ ਦਾ ਵੱਡਾ ਬੈਂਚ ਫਿਨਲੈਂਡ ਲਈ ਰਵਾਨਾ ਹੋਇਆ। ਇਨ੍ਹਾਂ ਅਧਿਆਪਕਾਂ ਨੂੰ ਮੁੱਖ ਮੰਤਰੀ ਮਾਨ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਅਧਿਆਪਕ 29 ਮਈ ਤੱਕ ਫਿਨਲੈਂਡ ਦੀ ਵਿਸ਼ਵ ਪ੍ਰਸਿੱਧ ਯੂਨੀਵਰਸਿਟੀ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀ ਅਤੇ ਪੜ੍ਹਾਉਣ ਦੇ ਨਵੇਂ ਤਰੀਕਿਆਂ ਦੀ ਟ੍ਰੇਨਿੰਗ ਲੈਣਗੇ। ਮੁੱਖ ਮੰਤਰੀ ਮਾਨ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਨੀਤੀ ਆਯੋਗ ਵੱਲੋਂ ਜਾਰੀ ਤਾਜ਼ਾ ਸਰਵੇ ਵਿੱਚ ਪੰਜਾਬ ਨੇ ਕੇਰਲਾ, ਮਹਾਰਾਸ਼ਟਰ ਅਤੇ ਹਰਿਆਣਾ ਨੂੰ ਪਛਾੜ ਕੇ ਸਿੱਖਿਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਜੋ ਸਰਕਾਰ ਦੀਆਂ ਅਜਿਹੀਆਂ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਪਿਛਲੀਆਂ ਸਰਕਾਰਾਂ ਦੇ ਹਵਾਲੇ ਨਾਲ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰਾਂ ਨੇ ਸਰਕਾਰੀ ਸੰਸਥਾਵਾਂ ਵਿੱਚ ਸਿੱਖਿਆ ਨੂੰ ਦਹਾਕਿਆਂ ਤੱਕ ਨਕਾਰਿਆ ਜਦਕਿ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਦਿੱਤਾ ਹੈ। ਪਹਿਲੀ ਵਾਰ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਅਧਿਆਪਕ-ਮਾਪੇ ਮਿਲਣੀ ਵਿੱਚ ਲੱਖਾਂ ਮਾਪਿਆਂ ਨੇ ਖੁਦ ਵਧ-ਚੜ੍ਹ ਕੇ ਸ਼ਿਰਕਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਸਿੱਖਿਆ ਪ੍ਰਣਾਲੀਆਂ ਕਲਾਸਰੂਮਾਂ ਦੇ ਅੰਦਰ ਇਨਕਲਾਬੀ ਤਬਦੀਲੀਆਂ ਲਿਆਉਣ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ ਅਤੇ ਸਰਕਾਰੀ ਸਕੂਲਾਂ ਨੂੰ ਮਾਪਿਆਂ ਦੀ ਪਹਿਲੀ ਪਸੰਦ ਬਣਾਉਣ ਦੇ ਪੰਜਾਬ ਸਰਕਾਰ ਦੇ ਮਿਸ਼ਨ ਨੂੰ ਮਜ਼ਬੂਤ ਕਰ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੁੱਲ 72 ਸਰਕਾਰੀ ਸਕੂਲ ਅਧਿਆਪਕਾਂ ਨੂੰ ਫਿਨਲੈਂਡ ਦੀ ਵਿਸ਼ਵ ਪੱਧਰ ‘ਤੇ ਪ੍ਰਸਿੱਧ ਯੂਨੀਵਰਸਿਟੀ ਆਫ਼ ਤੂਰਕੂ ਵਿਖੇ ਸਰਵੋਤਮ ਸਿੱਖਿਆ ਟ੍ਰੇਨਿੰਗ ਲਈ ਚੁਣਿਆ ਗਿਆ ਹੈ। ਇਹ ਅਧਿਆਪਕ 29 ਮਈ ਤੱਕ ਆਧੁਨਿਕ ਸਿੱਖਿਆ ਵਿਧੀਆਂ, ਨਵੀਨਤਾਕਾਰੀ ਕਲਾਸਰੂਮ ਅਭਿਆਸਾਂ, ਵਿਦਿਆਰਥੀ-ਕੇਂਦ੍ਰਿਤ ਸਿਖਲਾਈ ਮਾਡਲਾਂ ਅਤੇ ਵਿਸ਼ਵ ਪੱਧਰ ‘ਤੇ ਸਥਾਪਤ ਸਿੱਖਿਆ ਪ੍ਰਣਾਲੀਆਂ ਦਾ ਡੂੰਘਾ ਅਨੁਭਵ ਪ੍ਰਾਪਤ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਦੇ ਸਿੱਖਿਆ ਸੁਧਾਰ ਪ੍ਰੋਗਰਾਮ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਵੱਡੇ ਬਦਲਾਅ ਵਜੋਂ ਉਭਰਿਆ ਹੈ। ਅਧਿਆਪਕਾਂ ਨੂੰ ਸੱਚੇ ਰਾਸ਼ਟਰ ਨਿਰਮਾਤਾ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨਹੀਂ ਕਰ ਰਹੀ ਹੈ, ਸਗੋਂ ਬੁਨਿਆਦੀ ਪੱਧਰ ਤੋਂ ਵਿਦਿਅਕ ਮਾਹੌਲ ਦਾ ਪੁਨਰ ਨਿਰਮਾਣ ਕਰ ਰਹੀ ਹੈ। ਪੰਜਾਬ ਦੇ ਸਿੱਖਿਆ ਸੁਧਾਰ ਹੁਣ ਨੀਤੀਗਤ ਐਲਾਨਾਂ ਤੱਕ ਸੀਮਤ ਨਹੀਂ ਹਨ, ਸਗੋਂ ਹੁਣ ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਨਤੀਜੇ ਪੈਦਾ ਕਰ ਰਹੇ ਹਨ, ਜਿਸ ਦੀ ਦੇਸ਼ ਭਰ ਅੰਦਰ ਚਰਚਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਕੇਰਲਾ ਦਾ ਸਿੱਖਿਆ ਮਾਡਲ ਨੂੰ ਰੋਡ ਮਾਡਲ ਮੰਨਿਆ ਜਾਂਦਾ ਸੀ ਪਰ ਆਮ ਆਦਮੀ ਪਾਰਟੀ ਦੀਆਂ ਸਿੱਖਿਆ ਨੀਤੀਆਂ ਕਾਰਨ ਪੰਜਾਬ ਨੇ ਪਹਿਲੇ ਨੰਬਰ ਉਤੇ ਆ ਕੇ ਮੀਲ ਪੱਥਰ ਸਥਾਪਤ ਕੀਤਾ ਹੈ। ਪੰਜਾਬ ਦੇ ਸਕੂਲਾਂ ਵਿਚ ਕੰਪਿਊਟਰ ਅਤੇ ਬਿਜਲੀ ਸਪਲਾਈ ਪਹੁੰਚਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਅੱਜ 99 ਪ੍ਰਤੀਸ਼ਤ ਸਕੂਲਾਂ ਵਿੱਚ ਕੰਪਿਊਟਰ ਅਤੇ 99. 9 ਪ੍ਰਤੀਸ਼ਤ ਸਕੂਲਾਂ ਵਿੱਚ ਬਿਜਲੀ ਪਹੁੰਚ ਚੁੱਕੀ ਹੈ। ਇਸ ਵਾਰ ਸਰਕਾਰੀ ਸਕੂਲਾਂ ਦੀ ਮੈਗਾ ਪੇਰੈਂਟ-ਟੀਚਰ ਮੀਟਿੰਗ ਵਿੱਚ 24 ਲੱਖ ਤੋਂ ਵੱਧ ਮਾਪਿਆਂ ਨੇ ਹਿੱਸਾ ਲਿਆ । ਉਨ੍ਹਾਂ ਧੂਰੀ ਹਲਕੇ ਦੀਆਂ 3 ਵਿਦਿਆਰਥਣਾਂ ਦਾ ਵਿਸ਼ੇਸ਼ ਜ਼ਿਕਰ ਕੀਤਾ, ਜਿਨ੍ਹਾਂ ਨੇ 100 ਫੀਸਦੀ ਅੰਕ ਹਾਸਲ ਕੀਤੇ ਹਨ। ਇਸ ਕਾਰਗੁਜ਼ਾਰੀ ਲਈ ਉਨ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵਧਾਈ ਦਿੱਤੀ।