ਪੰਜਾਬ ਈਡੀ ਛਾਪਿਆਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਬਿਆਨ/ ਬੰਗਾਲ ਦੀ ਤਰਜ਼ ’ਤੇ ਸਿਆਸੀ ਬਦਲਾਖੋਰੀ ਦੇ ਇਲਜ਼ਾਮ/ ਕਿਹਾ, ਪੰਜਾਬੀ ਦੇਣਗੇ ਭਾਜਪਾ ਦੇ ਧੋਖਿਆਂ ਦਾ ਜਵਾਬ By admin - May 9, 2026 0 2 Facebook Twitter Pinterest WhatsApp ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਅੰਦਰ ਈਡੀ ਦੀਆਂ ਰੇਡਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਜਪਾ ਲਗਾਤਾਰ ਈਡੀ, ਸੀਬੀਆਈ, ਇਨਕਮ ਟੈਕਸ ਤੇ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਦੀ ਸਿਆਸੀ ਮਕਸਦਾਂ ਲਈ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਈਡੀ ਵੱਲੋਂ ਅੱਜ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਉਤੇ ਛਾਪਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਆਗੂਆਂ ਨੂੰ ਡਰਾ ਧਮਕਾ ਕੇ ਭਾਜਪਾ ਵਿਚ ਸ਼ਾਮਲ ਕਰਨਾ ਚਾਹੁੰਦੇ ਹਨ ਪਰ ਪੰਜਾਬ ਦੇ ਲੋਕ ਅਜਿਹਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਆਖ਼ਿਰ ED ਦੇ ਛਾਪੇ ਸਿਰਫ਼ ਉਨ੍ਹਾਂ ਸੂਬਿਆਂ ਵਿੱਚ ਹੀ ਕਿਉਂ ਮਾਰੇ ਜਾ ਰਹੇ ਹਨ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ? ਇਹ ਸਿੱਧੇ ਤੌਰ ‘ਤੇ ਲੋਕਤੰਤਰ ਦਾ ਕਤਲ ਹੈ। ਪੰਜਾਬੀਆਂ ਨਾਲ ਨਫ਼ਰਤ ਅਤੇ ਵਿਤਕਰੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਸਾਨੂੰ ਡਰਾਉਣ-ਧਮਕਾਉਣ ਲਈ ਨਿੱਤ ਨਵੇਂ ਹੱਥਕੰਡੇ ਵਰਤੇ ਜਾ ਰਹੇ ਹਨ। ਮੈਂ ਇੱਕ ਗੱਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਇਸ ਜ਼ਰਖ਼ੇਜ਼ ਮਿੱਟੀ ਵਿੱਚ ਹਰ ਬੀਜ ਪੁੰਗਰ ਸਕਦਾ ਹੈ, ਪਰ ਨਫ਼ਰਤ ਦਾ ਬੀਜ ਇੱਥੇ ਕਦੇ ਜੜ੍ਹ ਨਹੀਂ ਫੜ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਅਸਲ ਵਿਚ ਬੇਅਦਬੀ ਖਿਲਾਫ਼ ਸਖ਼ਤ ਕਾਨੂੰਨ ਪਾਸ ਹੋਣ ਤੋਂ ਬਾਅਦ ਭਾਜਪਾ ਪੂਰੀ ਤਰ੍ਹਾਂ ਬੌਖਲਾਈ ਹੋਈ ਹੈ, ਕਿਉਂਕਿ ਭਾਜਪਾ ਪੰਜਾਬ ਅੰਦਰ ਧਰਮ ਦਾ ਪੱਤਾ ਖੇਡਣਾ ਚਾਹੁੰਦੀ ਸੀ ਪਰ ਬੇਅਦਬੀ ਕਾਨੂੰਨ ਪਾਸ ਹੋਣ ਨਾਲ ਲੋਕ ਇਨ੍ਹਾਂ ਦੇ ਝਾਂਸੇ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੀਆਂ ਕਾਰਵਾਈਆਂ ਨੂੰ ਪਸੰਦ ਨਹੀਂ ਕਰਦੇ, ਇਸ ਲਈ ਭਾਜਪਾ ਨੂੰ ਅਜਿਹੀਆਂ ਖੇਡਾਂ ਖੇਡਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਤਾਨਾਸ਼ਾਹੀ ਵਤੀਰਾ ਪੰਜਾਬ ਅੰਦਰ ਨਹੀਂ ਚੱਲ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦੇ ਰਹਾਂਗੇ ਅਤੇ ਕਿਸੇ ਵੀ ਧੱਕੇ ਅੱਗੇ ਕਿਸੇ ਵੀ ਹਾਲਤ ਵਿਚ ਨਹੀਂ ਝੁਕਾਂਗੇ।