ਸ੍ਰੀ ਆਨੰਦਪੁਰ ਸਾਹਿਬ ’ਚ ਪਾਣੀ ਦੀ ਭੇਂਟ ਚੜ੍ਹਿਆ ਪੁਲ/ ਪਿੰਡ ਚੰਦਪੁਰ ਨੇੜੇ ਪੁਲ ਦੀਆਂ ਧੱਸੀਆਂ ਦੋ ਸਲੈਬਾਂ/ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟਣ ਦਾ ਬਣਿਆ ਖਦਸ਼ਾ

0
2

ਸ੍ਰੀ ਆਨੰਦਪੁਰ ਸਾਹਿਬ ਨੇੜੇ ਸਥਿਤ ਪਿੰਡ ਚੰਦਪੁਰ ਵਿਖੇ ਸਤਲੁਜ ਦਰਿਆ ਉਤੇ ਬਣਿਆ ਪੁਲ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ। ਖਬਰਾਂ ਮੁਤਾਬਕ ਇੱਥੇ ਪੁਲ ਦੀਆਂ ਦੋ ਸਲੈਬਾਂ ਧੱਸ ਗਈਆਂ ਹਨ, ਜਿਸ ਨਾਲ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਹ ਪੁਲ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਵੱਲੋਂ ਸੰਗਤ ਦੀ ਸਹੂਲਤ ਲਈ ਬਣਾਇਆ ਗਿਆ ਸੀ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਜੇਕਰ ਪੁਲ ਦੀ ਛੇਤੀ ਮੁਰੰਮਤ ਨਾ ਹੋਈ ਤਾਂ ਆਉਂਦੇ ਬਰਸਾਤੀ ਸੀਜ਼ਨ ਦੌਰਾਨ ਇਸ ਨੂੰ ਬੰਦ ਕਰਨਾ ਪੈ ਸਕਦਾ ਹੈ। ਲੋਕਾਂ ਨੇ ਪੁਲ ਦੀ ਛੇਤੀ ਮੁਰੰਮਤ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਮੁੱਖ ਮਾਰਗ ਤੋਂ ਗੱਜਪੁਰ ਬੇਲਾ, ਚੰਦਪੁਰ ਬੇਲਾ ਅਤੇ ਨੂਰਪੁਰ ਬੇਦੀ ਸਮੇਤ ਦਰਜਨਾਂ ਪਿੰਡਾਂ ਨੂੰ ਜੋੜਨ ਵਾਲਾ ਇਹ ਪੁਲ ਇਲਾਕੇ ਲਈ ਜੀਵਨ ਰੇਖਾ ਵਾਂਗ ਹੈ। ਪੁਲ ਬਣਨ ਤੋਂ ਪਹਿਲਾਂ ਲੋਕ ਸਤਲੁਜ ਦਰਿਆ ਨੂੰ ਤੈਰ ਕੇ ਜਾਂ ਟਿਊਬਾਂ ਦੇ ਸਹਾਰੇ ਪਾਰ ਕਰਦੇ ਸਨ। ਜਦੋਂ ਇਹ ਪੁਲ ਬਣਿਆ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ। ਪਰ ਪਿਛਲੇ ਸਾਲ ਭਾਰੀ ਬਰਸਾਤ ਅਤੇ ਆਸ-ਪਾਸ ਹੋ ਰਹੀ ਮਾਈਨਿੰਗ ਕਾਰਨ ਇਸ ਪੁਲ ਦਾ ਇੱਕ ਪਾਇਆ ਕਮਜ਼ੋਰ ਹੋ ਗਿਆ ਅਤੇ ਦੋ ਸਲੈਬਾਂ ਧਸ ਗਈਆਂ। ਹੁਣ ਪਿੰਡ ਵਾਸੀਆਂ ਨੂੰ ਡਰ ਹੈ ਕਿ ਜੇਕਰ ਬਰਸਾਤ ਤੋਂ ਪਹਿਲਾਂ ਇਸ ਦੀ ਮੁਰੰਮਤ ਨਾ ਹੋਈ ਤਾਂ ਪੁਲ ਪੂਰੀ ਤਰ੍ਹਾਂ ਬੰਦ ਹੋ ਸਕਦਾ ਹੈ।
ਜੇ ਇਹ ਪੁਲ ਬੰਦ ਹੋ ਜਾਂਦਾ ਹੈ ਤਾਂ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਜਾਣ ਲਈ ਲਗਭਗ 25 ਕਿਲੋਮੀਟਰ ਵਾਧੂ ਸਫਰ ਤੈਅ ਕਰਨਾ ਪਵੇਗਾ। ਬਰਸਾਤ ਦੇ ਮੌਸਮ ਵਿੱਚ ਇਹ ਪੁਲ ਹੀ ਆਵਾਜਾਈ ਦਾ ਮੁੱਖ ਸਾਧਨ ਹੈ। ਕਿਸੇ ਐਮਰਜੈਂਸੀ, ਬਿਮਾਰੀ ਜਾਂ ਸਕੂਲੀ ਬੱਚਿਆਂ ਦੀ ਆਵਾਜਾਈ ਲਈ ਵੀ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਪਿੰਡ ਵਾਸੀਆਂ ਨੇ ਸਰਕਾਰ, ਪ੍ਰਸ਼ਾਸਨ ਅਤੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਬਾਬਿਆਂ ਨੂੰ ਬੇਨਤੀ ਕੀਤੀ ਹੈ ਕਿ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਇਸ ਪੁਲ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਤਾਂ ਜੋ ਵੱਡੇ ਨੁਕਸਾਨ ਤੋਂ ਬਚਿਆ ਜਾਵੇ।

LEAVE A REPLY

Please enter your comment!
Please enter your name here