ਪਟਿਆਲਾ ’ਚ ਭਾਜਪਾ ਨੇ ਜਿੱਤ ਦੀ ਖੁਸ਼ੀ ’ਚ ਵੰਡੇ ਲੱਡੂ/ ਇਕ ਦੂਜੇ ਦਾ ਮੂੰਹ ਮਿੱਠਾ ਕਰ ਕੇ ਸਾਂਝੀ ਕੀਤੀ ਖੁਸ਼ੀ/ ਜੈ ਇੰਦਰ ਕੌਰ ਵੱਲੋਂ ਪੰਜਾਬ ’ਚ ਵੀ ਜਿੱਤ ਦਾ ਦਾਅਵਾ

0
2

ਬੰਗਾਲ ਜਿੱਤ ਨੂੰ ਲੈ ਕੇ ਭਾਜਪਾ ਅੰਦਰ ਜਸ਼ਨਾਂ ਦਾ ਮਾਹੌਲ ਹੈ। ਇਸੇ ਤਹਿਤ ਅੱਜ ਪਟਿਆਲਾ ਵਿਖੇ ਇਕੱਤਰ ਹੋਏ ਭਾਜਪਾ ਆਗੂਆਂ ਨੇ ਲੱਡੂ ਵੰਡ ਕੇ ਬੰਗਾਲ ਜਿੱਤ ਤੇ ਖੁਸ਼ੀ ਜਾਹਰ ਕੀਤੀ। ਇਸ ਮੌਕੇ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੀ ਮਹਿਲਾ ਪ੍ਰਧਾਨ ਜੈ ਇੰਦਰ ਕੌਰ ਨੇ ਕਿਹਾ ਕਿ ਇਹ ਜਿੱਤ ਵਰਕਰਾਂ ਦੀ ਸਖ਼ਤ ਮਿਹਨਤ ਅਤੇ ਲੀਡਰਸ਼ਿਪ ਦੇ ਦ੍ਰਿੜ ਇਰਾਦੇ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਧਰਤੀ ਬੰਗਾਲ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਬੰਗਾਲ ਵਾਂਗ ਪੰਜਾਬ ਅੰਦਰ ਵੀ ਡਬਲ ਇੰਜਨ ਵਾਲੀ ਸਰਕਾਰ ਬਣੇਗੀ।
ਉਨ੍ਹਾਂ ਕਿਹਾ ਕਿ ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੀ ਉੱਚ ਲੀਡਰਸ਼ਿਪ ਦੇ ਨਿਰੰਤਰ ਯਤਨਾਂ ਅਤੇ ਮਿਹਨਤ ਕਾਰਨ ਸਦਕਾ ਪ੍ਰਾਪਤ ਹੋਈ ਹੈ।  ਉਨ੍ਹਾਂ ਕਿਹਾ ਕਿ ਇੱਕ ਵਾਰ ਜਨਤਾ ਆਪਣਾ ਮਨ ਬਣਾ ਲੈਂਦੀ ਹੈ, ਤਾਂ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ, ਅਤੇ ਬੰਗਾਲ ਦੇ ਲੋਕਾਂ ਨੇ ਵਿਕਾਸ ਦੇ ਹੱਕ ਵਿੱਚ ਆਪਣਾ ਫੈਸਲਾ ਦੇ ਦਿੱਤਾ ਹੈ। ਪੰਜਾਬ ਦੀ ਮੌਜੂਦਾ ਸਥਿਤੀ ‘ਤੇ ਬੋਲਦਿਆਂ ਉਨ੍ਹਾਂ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਸ਼ੰਭੂ ਬਾਰਡਰ ਨੇੜੇ ਰੇਲਵੇ ਟਰੈਕ ‘ਤੇ ਹਾਲ ਹੀ ਵਿੱਚ ਹੋਏ ਧਮਾਕੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸੂਬੇ ਦੀ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਡੀਜੀਪੀ ਵੱਲੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੀ ਭੂਮਿਕਾ ਦਾ ਖੁਲਾਸਾ ਕਰਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਭਗਵੰਤ ਮਾਨ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਨਤਾ ਦੇ ਫੈਸਲੇ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਹਮੇਸ਼ਾ ਕਾਨੂੰਨ ਵਿਵਸਥਾ ‘ਤੇ ਸਖ਼ਤ ਰਹੀ ਹੈ, ਅਤੇ ਭਵਿੱਖ ਵਿੱਚ ਜਨਤਕ ਸੁਰੱਖਿਆ ਇੱਕ ਪ੍ਰਮੁੱਖ ਤਰਜੀਹ ਰਹੇਗੀ।
ਜੈ ਇੰਦਰ ਕੌਰ ਨੇ ਹਰਿਆਣਾ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉੱਥੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਬਹੁਤ ਸਾਰੇ ਲਾਭ ਅਤੇ ਸਬਸਿਡੀਆਂ ਮਿਲ ਰਹੀਆਂ ਹਨ, ਜਦੋਂ ਕਿ ਪੰਜਾਬ ਪਿੱਛੇ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਧਦੇ ਕਰਜ਼ੇ ਨੂੰ ਖਤਮ ਕਰਨ ਅਤੇ ਸੂਬੇ ਨੂੰ ਵਿਕਾਸ ਦੇ ਰਾਹ ‘ਤੇ ਪਾਉਣ ਲਈ “ਡਬਲ-ਇੰਜਣ ਸਰਕਾਰ” ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਕੇਂਦਰ ਅਤੇ ਪੰਜਾਬ ਦੋਵਾਂ ਵਿੱਚ ਸਰਕਾਰ ਬਣਾਉਂਦੀ ਹੈ ਤਾਂ ਹੀ ਸੂਬਾ ਆਪਣੀਆਂ ਮੌਜੂਦਾ ਚੁਣੌਤੀਆਂ ਨੂੰ ਦੂਰ ਕਰ ਸਕਦਾ ਹੈ, ਨਹੀਂ ਤਾਂ ਪੰਜਾਬ ਦਾ ਵਿਕਾਸ ਅਸੰਭਵ ਹੋਵੇਗਾ।

LEAVE A REPLY

Please enter your comment!
Please enter your name here