ਪੰਜਾਬ ਅੰਮ੍ਰਿਤਸਰ ਦੇ ਖਾਸਾ ਕੈਂਪ ਨੇੜੇ ਆਰਮੀ ਕੈਂਪ ਬਾਹਰ ਧਮਾਕਾ/ ਦੇਰ ਰਾਤ ਸੁਣੀ ਗਈ ਤੇਜ਼ ਆਵਾਜ਼ ਨਾਲ ਇਲਾਕੇ ‘ਚ ਹੜਕੰਪ/ ਪੁਲਿਸ, ਆਰਮੀ ਤੇ ਫ਼ੋਰੈਂਸਿਕ ਟੀਮਾਂ ਕਰ ਰਹੀਆਂ ਜਾਂਚ By admin - May 6, 2026 0 1 Facebook Twitter Pinterest WhatsApp ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਰ ਰਾਤ ਖਾਸਾ ਕੈਂਪ ਸਥਿਤ ਆਰਮੀ ਕੈਂਪ ਦੇ ਬਾਹਰ ਧਮਾਕਾ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 11 ਵਜੇ ਤੋਂ ਬਾਅਦ ਅਚਾਨਕ ਤੇਜ਼ ਧਮਾਕੇ ਦੀ ਆਵਾਜ਼ ਸੁਣੀ ਗਈ, ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਧਮਾਕੇ ਦੀ ਸੂਚਨਾ ਮਿਲਦੇ ਹੀ ਅੰਮ੍ਰਿਤਸਰ ਦਿਹਾਤੀ ਅਤੇ ਸ਼ਹਿਰੀ ਪੁਲਿਸ ਦੇ ਨਾਲ ਨਾਲ ਆਰਮੀ ਦੀਆਂ ਟੀਮਾਂ ਵੀ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਇਲਾਕੇ ਨੂੰ ਘੇਰ ਕੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਫ਼ੋਰੈਂਸਿਕ ਟੀਮਾਂ ਅਤੇ ਡੌਗ ਸਕੁਆਡ ਵੀ ਮੌਕੇ ‘ਤੇ ਪਹੁੰਚ ਚੁੱਕੀਆਂ ਹਨ ਅਤੇ ਸਬੂਤ ਇਕੱਠੇ ਕਰਨ ਦੀ ਕਾਰਵਾਈ ਜਾਰੀ ਹੈ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਮੁਤਾਬਕ ਧਮਾਕੇ ਨਾਲ ਆਰਮੀ ਕੈਂਪ ਦੀ ਬਾਹਰੀ ਦੀਵਾਰ ‘ਤੇ ਲੱਗੀਆਂ ਟੀਨਾਂ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ, ਪਰ ਸੁਰੱਖਿਆ ਏਜੰਸੀਆਂ ਵੱਲੋਂ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੂਰੇ ਇਲਾਕੇ ਵਿੱਚ ਪੁਲਿਸ ਅਤੇ ਫੌਜ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਅੰਮ੍ਰਿਤਸਰ ਦਿਹਾਤੀ ਦੇ ਐਸਪੀ ਅਦਿਤਿਆ ਵਾਰਿਅਰ ਨੇ ਦੱਸਿਆ ਕਿ ਉਨ੍ਹਾਂ ਨੂੰ ਧਮਾਕੇ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ੋਰੈਂਸਿਕ ਟੀਮਾਂ ਸਾਰੇ ਸਬੂਤ ਇਕੱਠੇ ਕਰ ਰਹੀਆਂ ਹਨ। ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ‘ਚ ਮੀਡੀਆ ਨਾਲ ਵਧੇਰੇ ਜਾਣਕਾਰੀ ਸਾਂਝੀ ਕਰਨ ਤੋਂ ਅਜੇ ਗੁਰੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਤੱਥ ਸਾਹਮਣੇ ਆਉਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਸਵੇਰੇ ਤੱਕ ਇਸ ਘਟਨਾ ਸਬੰਧੀ ਵਧੇਰੇ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕਦੀ ਹੈ।