ਪੰਜਾਬ ਅੰਮ੍ਰਿਤਸਰ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ/ ਰਾਜਾਸਾਂਸੀ ’ਚ ਟਰੱਕ ਨੇ ਨੌਜਵਾਨ ਨੂੰ ਮਾਰੀ ਟੱਕਰ/ ਲਾਪ੍ਰਵਾਹੀ ਦੇ ਲੱਗੇ ਇਲਜ਼ਾਮ, ਪੁਲਿਸ ਕਰ ਰਹੀ ਜਾਂਚ By admin - May 4, 2026 0 3 Facebook Twitter Pinterest WhatsApp ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਵਿੱਚ ਇਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਸਾਹਮਣੇ ਆਇਆ, ਜਿੱਥੇ ਗੁਰੂ ਅਰਜਨ ਦੇਵ ਕਲੋਨੀ ਦੇ ਬਾਹਰ ਓਵਰਲੋਡ ਕਣਕ ਨਾਲ ਭਰੇ ਟਰੱਕ ਨੇ ਇਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਨੌਜਵਾਨ ਅਸ਼ਵਨੀ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਅਸ਼ਵਨੀ ਕੁਮਾਰ ਰਾਜਾਸਾਂਸੀ ਦੇ ਗੁਰੂ ਅਰਜਨ ਦੇਵ ਕਲੋਨੀ ਦਾ ਰਹਿਣ ਵਾਲਾ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਕਿ ਅਚਾਨਕ ਓਵਰਲੋਡ ਟਰੱਕ ਨੇ ਟੱਕਰ ਮਾਰ ਦਿੱਤੀ। ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਮਾਪਿਆਂ ਨੇ ਲਾਪ੍ਰਵਾਹੀ ਦੇ ਇਲਜਾਮ ਲਾਉਂਦਿਆਂ ਇਨਸਾਫ ਮੰਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਟਰੱਕ ਜਾਂ ਡਰਾਈਵਰ ਦਾ ਪਤਾ ਲਗਾਇਆ ਗਿਆ ਹੈ। ਇਸ ਗੱਲ ਨੂੰ ਲੈ ਕੇ ਪਰਿਵਾਰ ਅਤੇ ਇਲਾਕਾ ਵਾਸੀਆਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਮਸੀਹ ਭਾਈਚਾਰੇ ਦੇ ਪੰਜਾਬ ਪ੍ਰਧਾਨ ਜੋਨ ਕੋਟਲੀ ਨੇ ਕਿਹਾ ਕਿ ਇਹ ਹਾਦਸਾ ਸਿਰਫ ਡਰਾਈਵਰ ਦੀ ਗਲਤੀ ਨਹੀਂ, ਸਗੋਂ ਇਲਾਕੇ ਵਿੱਚ ਨਜਾਇਜ਼ ਤੌਰ ‘ਤੇ ਚੱਲ ਰਹੀ ਮੰਡੀ ਅਤੇ ਓਵਰਲੋਡਿੰਗ ਦੀ ਵੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਬਹੁਤ ਸੰਗੜੀ ਹੈ ਅਤੇ ਇੱਥੇ ਭਾਰੀ ਵਾਹਨਾਂ ਦੀ ਆਵਾਜਾਈ ਨਾਲ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇ 24 ਘੰਟਿਆਂ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ ਅਤੇ ਲੋੜ ਪੈਣ ‘ਤੇ ਲਾਸ਼ ਨਾਲ ਧਰਨਾ ਵੀ ਦੇਣਗੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਚੱਲ ਰਹੀ ਨਜਾਇਜ਼ ਮੰਡੀ ਨੂੰ ਤੁਰੰਤ ਹਟਾਇਆ ਜਾਵੇ। ਉੱਧਰ, ਥਾਣਾ ਰਾਜਾਸਾਂਸੀ ਦੀ ਪੁਲਿਸ ਅਧਿਕਾਰੀ ਸਿਮਰਜੀਤ ਕੌਰ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।