ਪਟਿਆਲਾ ‘ਚ ਜ਼ਮੀਨੀ ਵਿਵਾਦ ‘ਚ ਨਵਾਂ ਮੋੜ/ MLA ਪਠਾਨਮਾਜਰਾ ਨਾਲ ਸਬੰਧ ਜੋੜ ਕੇ ਕਾਰਵਾਈ ਦੇ ਦੋਸ਼/ ਪਤੀ ਦੀ ਗ੍ਰਿਫ਼ਤਾਰੀ ‘ਤੇ ਪਰਿਵਾਰ ਦਾ ਵਿਰੋਧ

0
1

 

ਪਟਿਆਲਾ ਵਿੱਚ ਇੱਕ ਜ਼ਮੀਨੀ ਵਿਵਾਦ ਦਾ ਮਾਮਲਾ ਉਸ ਵੇਲੇ ਗਰਮਾ ਗਿਆ ਜਦੋਂ ਪੁਲਿਸ ਵੱਲੋਂ MLA ਹਰਮੀਤ ਸਿੰਘ ਪਠਾਨ ਮਾਜਰਾ ਦੀ ਮੂੰਹ-ਬੋਲੀ ਭੈਣ ਦੇ ਪਤੀ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਕਾਰਵਾਈ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ‘ਤੇ ਸਿਆਸੀ ਸ਼ਹਿ ਉਤੇ ਤੰਗ-ਪਰੇਸ਼ਾਨ ਕਰਨ ਦੇ ਇਲਜ਼ਾਮ ਲਾਏ। ਮੂੰਹ-ਬੋਲੀ ਭੈਣ ਦੇ ਦੱਸਣ ਮੁਤਾਬਕ ਉਹ ਰੁੜਕੀ ਬੁਕਿੰਗ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਦਾ ਆਪਣੇ ਨਾਲ ਲੱਗਦੇ ਪਲਾਟ ਨੂੰ ਲੈ ਕੇ ਪਿਛਲੇ ਛੇ ਮਹੀਨਿਆਂ ਤੋਂ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਹੈ। ਉਸ ਨੇ ਦਾਅਵਾ ਕੀਤਾ ਕਿ ਕੋਰਟ ਵੱਲੋਂ ਉਸ ਪਲਾਟ ‘ਤੇ ਸਟੇਅ ਆਰਡਰ ਦਿੱਤਾ ਗਿਆ ਹੋਇਆ ਹੈ, ਜਿਸ ਦੇ ਬਾਵਜੂਦ ਵੀ ਦੂਜੇ ਪਾਸੇ ਵੱਲੋਂ ਨਿਰਮਾਣ ਕੰਮ ਜਾਰੀ ਰੱਖਿਆ ਗਿਆ।
ਉਸ ਦੇ ਮੁਤਾਬਕ, ਇਸ ਸਬੰਧੀ ਉਹਨਾਂ ਨੇ ਕਈ ਵਾਰ 112 ਨੰਬਰ ‘ਤੇ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹਨਾਂ ਦੇ ਪਤੀ ਨੇ ਇਸਦਾ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਝਗੜਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਜ਼ਖਮੀ ਵੀ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਉਲਟ ਉਹਨਾਂ ਦੇ ਪਤੀ ਨੂੰ ਹੀ ਥਾਣੇ ਬੁਲਾ ਕੇ ਨਸ਼ੇ ਨਾਲ ਸੰਬੰਧਤ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਵਪਾਰ ਨਾਲ ਸੰਬੰਧਿਤ ਨਹੀਂ ਹਨ ਅਤੇ ਉਹਨਾਂ ਦੀ ਮੈਡੀਕਲ ਹਿਸਟਰੀ ਵਿੱਚ ਦਰਜ ਹੈ ਕਿ ਉਹ ਡਾਕਟਰੀ ਸਲਾਹ ਅਨੁਸਾਰ ਦਵਾਈ ਲੈਂਦੇ ਹਨ। ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਨਾ ਤਾਂ ਮੈਡੀਕਲ ਰਿਪੋਰਟਾਂ ਨੂੰ ਢੰਗ ਨਾਲ ਵੇਖਿਆ ਅਤੇ ਨਾ ਹੀ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਦਿੱਤੀ।
ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਕਰਮਚਾਰੀ ਕਹਿੰਦੇ ਹਨ ਕਿ ਇਹ ਕਾਰਵਾਈ MLA ਹਰਮੀਤ ਸਿੰਘ ਪਠਾਨ ਮਾਜਰਾ ਨਾਲ ਜਾਣ-ਪਛਾਣ ਕਰਕੇ ਕੀਤੀ ਜਾ ਰਹੀ ਹੈ। ਹਾਲਾਂਕਿ, ਇਸ ਮਾਮਲੇ ‘ਚ ਅਜੇ ਤੱਕ ਪੁਲਿਸ ਜਾਂ ਸੰਬੰਧਿਤ ਵਿਧਾਇਕ ਵੱਲੋਂ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।  ਪਰਿਵਾਰ ਨੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰਟ ਦੇ ਸਟੇ ਆਰਡਰ ਦੇ ਬਾਵਜੂਦ ਵੀ ਕੰਮ ਜਾਰੀ ਰੱਖਣਾ ਕੋਰਟ ਦੀ ਅਵਹੇਲਨਾ ਹੈ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here