ਪਠਾਨਕੋਟ ਵਿਖੇ ਪੁਲਿਸ ਤੇ ਬਾਰਾਤੀਆਂ ਵਿਚਾਲੇ ਧੱਕਾਮੁੱਕੀ/ ਵਿਆਹ ਸਮਾਰੋਹ ਦੌਰਾਨ ਪੁੱਛਗਿੱਛ ਲਈ ਪਹੁੰਚੀ ਸੀ ਪੁਲਿਸ/ ਸਬ-ਇੰਸਪੈਕਟਰ ਸਮੇਤ 4-5 ਲੋਕ ਜ਼ਖਮੀ, ਪੁਲਿਸ ਕਰ ਰਹੀ ਜਾਂਚ

0
1

ਪਠਾਨਕੋਟ ਦੇ ਮੁਹੱਲਾ ਕਾਜੀਪੁਰ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਇੱਕ ਨਿੱਜੀ ਪੈਲੇਸ ਵਿੱਚ ਚੱਲ ਰਹੇ ਵਿਆਹ ਸਮਾਰੋਹ ਦੌਰਾਨ ਪੁੱਛਗਿੱਛ ਲਈ ਆਈ ਪੁਲਿਸ ਪਾਰਟੀ ਅਤੇ ਬਾਰਾਤੀਆਂ ਵਿਚਕਾਰ ਧੱਕਾਮੁੱਕੀ ਹੋ ਗਈ। ਦੋਹਾਂ ਪਾਸਿਆਂ ਵੱਲੋਂ ਹੋਏ ਇਸ ਟਕਰਾਅ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਸੱਟਾਂ ਲੱਗੀਆਂ ਹਨ। ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਪਹੁੰਚੀਆਂ ਦੋਵੇਂ ਧਿਰਾਂ ਨੇ ਇਕ-ਦੂਜੇ ਉਤੇ ਪਹਿਲਾਂ ਹਮਲਾ ਕਰਨ ਦੇ ਇਲਜਾਮ ਲਾਏ ਹਨ। ਫਿਲਹਾਲ ਥਾਣਾ ਡਵੀਜ਼ਨ-1 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਇਹ ਮਾਮਲਾ ਵਾਰਡ ਨੰਬਰ 5 ਮੋਹੱਲਾ ਬਾਵੀਆਂ ਨਾਲ ਸੰਬੰਧਿਤ ਹੈ, ਜਿੱਥੇ ਦੀ ਇੱਕ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਯੁਵਕ ਉਸਨੂੰ ਪਰੇਸ਼ਾਨ ਕਰ ਰਿਹਾ ਹੈ। ਉਸੇ ਯੁਵਕ ਤੋਂ ਪੁੱਛਗਿੱਛ ਕਰਨ ਲਈ ਪੁਲਿਸ ਓਲਡ ਸ਼ਾਹਪੁਰ ਰੋਡ ‘ਤੇ ਸਥਿਤ ਇੱਕ ਨਿੱਜੀ ਪੈਲੇਸ ਵਿੱਚ ਪਹੁੰਚੀ, ਜਿੱਥੇ ਵਿਆਹ ਸਮਾਰੋਹ ਚੱਲ ਰਿਹਾ ਸੀ। ਜਦੋਂ ਪੁਲਿਸ ਯੁਵਕ ਨੂੰ ਪੁੱਛਗਿੱਛ ਲਈ ਲੈਣ ਆਈ ਤਾਂ ਵਿਆਹ ਵਿੱਚ ਮੌਜੂਦ ਲੋਕਾਂ ਨੇ ਇਸਦਾ ਵਿਰੋਧ ਕੀਤਾ। ਪਹਿਲੀ ਵਾਰ ਪੁਲਿਸ ਨੂੰ ਵਾਪਸ ਭੇਜ ਦਿੱਤਾ ਗਿਆ ਪਰ ਜਦੋਂ ਪੁਲਿਸ ਦੁਬਾਰਾ ਮੌਕੇ ‘ਤੇ ਪਹੁੰਚੀ ਤਾਂ ਮਾਹੌਲ ਹੋਰ ਵਿਗੜ ਗਿਆ ਅਤੇ ਦੋਹਾਂ ਪੱਖਾਂ ਵਿੱਚ ਤਿੱਖੀ ਬਹਿਸ ਹੋਈ।
ਦੂਜੀ ਵਾਰ ਜਦੋਂ ਪੁਲਿਸ ਯੁਵਕ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਲੋਕਾਂ ਨਾਲ ਧੱਕਾ-ਮੁੱਕੀ ਹੋ ਗਈ। ਇਸ ਦੌਰਾਨ ਸਬ-ਇੰਸਪੈਕਟਰ ਬਲਬੀਰ ਸਿੰਘ ਜ਼ਖਮੀ ਹੋ ਗਏ। ਉਨ੍ਹਾਂ ਦੇ ਬਾਂਹ ਅਤੇ ਹੱਥ ‘ਤੇ ਗੰਭੀਰ ਚੋਟਾਂ ਆਈਆਂ ਹਨ ਅਤੇ ਉਨ੍ਹਾਂ ਨੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਹੈ। ਦੂਜੇ ਪੱਖ ਦੀ ਮਹਿਲਾ ਕਵਿਤਾ ਨੇ ਦੱਸਿਆ ਕਿ ਪੁਲਿਸ ਅਚਾਨਕ ਵਿਆਹ ਸਮਾਰੋਹ ਵਿੱਚ ਆ ਗਈ ਅਤੇ ਥੋੜ੍ਹੀ ਕਹਾਸੁਨੀ ਤੋਂ ਬਾਅਦ ਲੜਕੇ ਦੇ ਪਿਤਾ ਨਾਲ ਮਾਰਪੀਟ ਕੀਤੀ। ਇਸ ਘਟਨਾ ਵਿੱਚ 4-5 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਲੋਕ ਜਾਨਬੂਝ ਕੇ ਉਨ੍ਹਾਂ ਦੇ ਘਰ ਦਾ ਪ੍ਰੋਗਰਾਮ ਖਰਾਬ ਕਰਨਾ ਚਾਹੁੰਦੇ ਸਨ।

LEAVE A REPLY

Please enter your comment!
Please enter your name here