ਕੋਟਕਪੂਰਾ ਦੇ ਸੰਧਵਾਂ ’ਚ ਆਂਗਣਵਾੜੀ ਮੁਲਾਜ਼ਮਾਂ ਦਾ ਧਰਨਾ/ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਕੀਤੀ ਤਿੱਖੀ ਨਾਅਰੇਬਾਜ਼ੀ

0
1

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਦਬੜੀਖਾਣਾ ਦੀ ਅਗਵਾਈ ਹੇਠ ਕੀਤੇ ਗਏ ਇਸ ਪ੍ਰਦਰਸ਼ਨ ਵਿਚ ਜ਼ਿਲ੍ਹੇ ਭਰ ਤੋਂ ਸੈਂਕੜੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਭਾਗ ਲਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਂਗਣਵਾੜੀ ਵਰਕਰਾਂ ਦਾ ਮਾਨ ਭੱਤਾ ਦੋਗੁਣਾ ਕਰਨ ਦਾ ਵਾਅਦਾ ਕੀਤਾ ਸੀ, ਪਰ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਮਾਨ ਭੱਤੇ ਦਾ ਭੁਗਤਾਨ ਵੀ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ “ਮਾਵਾਂ-ਧੀਆਂ ਸਤਿਕਾਰ ਯੋਜਨਾ” ’ਤੇ ਵੀ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਇਸ ਦੇ ਫਾਰਮ ਭਰਨ ਵਾਲੀਆਂ ਸਖੀਆਂ ਨੂੰ ਪ੍ਰਤੀ ਫਾਰਮ 300 ਰੁਪਏ ਦਿੱਤੇ ਜਾ ਰਹੇ ਹਨ, ਜਦਕਿ ਫਾਰਮ ਪ੍ਰੋਸੈਸ ਕਰਨ ਵਾਲੀਆਂ ਆਂਗਣਵਾੜੀ ਵਰਕਰਾਂ ਨੂੰ ਸਿਰਫ 25 ਰੁਪਏ ਮਿਲਣਗੇ ਅਤੇ ਹੈਲਪਰਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਖਰੀਦੇ ਗਏ ਮੋਬਾਈਲ ਫੋਨ ਵੀ ਅਜੇ ਤੱਕ ਵਰਕਰਾਂ ਨੂੰ ਨਹੀਂ ਦਿੱਤੇ ਗਏ। ਕਿਹਾ ਜਾ ਰਿਹਾ ਹੈ ਕਿ ਇਹ ਫੋਨ ਤਦੋਂ ਹੀ ਦਿੱਤੇ ਜਾਣਗੇ ਜਦੋਂ ਵਰਕਰ ਸਰਕਾਰ ਦੇ ਤਿੰਨ ਸਰਵੇ ਪੂਰੇ ਕਰਨ ਵਿੱਚ ਸਹਿਯੋਗ ਦੇਣਗੇ। ਅਖੀਰ ਵਿੱਚ ਮੁਲਾਜ਼ਮ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਨਾਲ ਹੀ ਮਾਰਕੀਟ ਕਮੇਟੀ ਚੇਅਰਮੈਨ ਗੁਰਮੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ।

LEAVE A REPLY

Please enter your comment!
Please enter your name here