ਪੰਜਾਬ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ/ ਮੁੱਖ ਮੰਤਰੀ ਮਾਨ ਵੱਲੋਂ ਭਰੋਸਗੀ ਮਤਾ ਪੇਸ਼/ ਹੱਕ ’ਚ ਭੁਗਤੇ ਆਪ ਦੇ 88 ਵਿਧਾਇਕ By admin - May 1, 2026 0 2 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸ਼ਨ ਹੋਇਆ, ਜਿਸ ਦੀ ਸ਼ੁਰੂਆਤ ’ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ। ਪੰਜਾਬ ਵਿਧਾਨ ਸਭਾ ਵਿੱਚ ਆਜ਼ਾਦੀ ਘੁਲਾਟੀਆ ਚਮਨ ਲਾਲ, ਵਿਸ਼ਵ ਪ੍ਰਸਿੱਧ ਫੋਟੋਗ੍ਰਾਫਰ ਰਘੂ ਰਾਏ, ਲੈਫਟੀਨੈਂਟ ਜਨਰਲ ਦੀਪੇਂਦਰ ਸਿੰਘ ਅਤੇ ਹਾਕੀ ਖਿਡਾਰੀ ਤੇ ਓਲੰਪੀਅਨ ਗੁਰਬਖਸ਼ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਵਿਧਾਨ ਸਭਾ ਵਿੱਚੋਂ ਸਾਰੇ ਵਿਧਾਇਕਾਂ ਵੱਲੋਂ ਖੜੇ ਹੋ ਕੇ ਦੋ ਮਿੰਟ ਦਾ ਮੋਨ ਰੱਖਿਆ ਗਿਆ। ਕੌਮਾਂਤਰੀ ਮਜ਼ਦੂਰ ਦਿਵਸ ‘ਤੇ ਬੁਲਾਏ ਗਏ ਇਸ ਇਕ ਦਿਨਾਂ ਸੈਸ਼ਨ ਦੌਰਾਨ ਮਜਦੂਰਾਂ ਦੀਆਂ ਘੱਟੋ ਘੱਟ ਉਜਰਤਾਂ ਵਿਚ 15 ਫੀਸਦੀ ਵਾਧੇ ਨੂੰ ਪ੍ਰਵਾਨਗੀ ਮਿਲ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਵੱਲੋਂ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ ‘ਭਰੋਸਗੀ ਮਤਾ’ ਪੇਸ਼ ਕੀਤਾ ਗਿਆ ਸੀ ਜਿਸ ਦੇ ਹੱਕ ਵਿੱਚ ‘ਆਪ’ 88 ਵਿਧਾਇਕ ਭੁਗਤੇ ਹਨ, ਜਦਕਿ 4 ਵਿਧਾਇਕ ਗੈਰ-ਹਾਜ਼ਰ ਰਹੇ। ਦਿਲਚਸਪ ਗੱਲ ਇਹ ਰਹੀ ਕਿ ਜਦੋਂ ਮੁੱਖ ਮੰਤਰੀ ਸਦਨ ਵਿੱਚ ਆਪਣੀ ਸਰਕਾਰ ਪ੍ਰਤੀ ਵਿਸ਼ਵਾਸ ਪ੍ਰਗਟਾ ਰਹੇ ਸਨ, ਉਸ ਵੇਲੇ ਵਿਰੋਧੀ ਧਿਰ ਦੇ ਬੈਂਚ ਪੂਰੀ ਤਰ੍ਹਾਂ ਖਾਲੀ ਸਨ। ਕਾਂਗਰਸ ਸਣੇ ਹੋਰ ਵਿਰੋਧੀ ਦਲਾਂ ਨੇ ਸਦਨ ਦੀ ਕਾਰਵਾਈ ਦਾ ਬਾਈਕਾਟ ਜਾਰੀ ਰੱਖਿਆ। ਸਰਕਾਰ ਨੇ ਸੂਬੇ ਦੇ ਲੱਖਾਂ ਕਿਰਤੀਆਂ ਨੂੰ ਵੱਡਾ ਤੋਹਫਾ ਦਿੰਦਿਆਂ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ 15 ਫੀਸਦੀ ਵਾਧੇ ਦਾ ਬਿੱਲ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ। ਇਸ ਸਬੰਧੀ ਮਤਾ ਲੇਬਰ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਰ ਲਗਾਉਂਦਿਆਂ ਵਾਧੇ ਦਾ ਰਸਮੀ ਐਲਾਨ ਕੀਤਾ। ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸੂਬੇ ਵਿੱਚ ਆਖਰੀ ਵਾਰ ਸਾਲ 2012 ਵਿੱਚ ਉਜਰਤਾਂ ਦੇ ‘ਬੇਸ ਰੇਟ’ ਦੀ ਰਿਵੀਜ਼ਨ ਕੀਤੀ ਗਈ ਸੀ। ਹਾਲਾਂਕਿ ਮਹਿੰਗਾਈ ਭੱਤਾ ਲਗਾਤਾਰ ਵਧ ਰਿਹਾ ਸੀ, ਪਰ ਮੂਲ ਉਜਰਤਾਂ ਵਿੱਚ ਲੰਬੇ ਸਮੇਂ ਤੋਂ ਕੋਈ ਬਦਲਾਅ ਨਹੀਂ ਹੋਇਆ ਸੀ। ਮਾਨ ਸਰਕਾਰ ਦੇ ਇਸ ਫੈਸਲੇ ਨਾਲ ਮਜ਼ਦੂਰ ਵਰਗ ਨੂੰ ਵੱਡੀ ਆਰਥਿਕ ਰਾਹਤ ਮਿਲਣ ਦੀ ਉਮੀਦ ਹੈ। ਸਰਕਾਰੀ ਮਤੇ ’ਤੇ ਬਹਿਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਰਤੀਆਂ ਦਾ ਪੱਖ ਜ਼ੋਰਦਾਰ ਢੰਗ ਨਾਲ ਰੱਖਿਆ। ਬਾਜਵਾ ਨੇ ਮੰਗ ਕੀਤੀ ਸੀ ਕਿ ਮੌਜੂਦਾ ਮਹਿੰਗਾਈ ਨੂੰ ਦੇਖਦਿਆਂ ਮਜ਼ਦੂਰਾਂ ਦੀ ਘੱਟੋ-ਘੱਟ ਦਿਹਾੜੀ ਵਧਾ ਕੇ 650 ਰੁਪਏ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਕਿਰਤੀ ਵਰਗ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਉਨ੍ਹਾਂ ਨੂੰ ਸਨਮਾਨਜਨਕ ਉਜਰਤ ਮਿਲਣਾ ਉਨ੍ਹਾਂ ਦਾ ਹੱਕ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨਾਲ ਹੋਈ ਨੌਕ-ਝੋਕ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਧਾਇਕ ਸਦਨ ਵਿਚੋਂ ਵਾਕਆਊਂਟ ਕਰ ਗਏ। ਇਸੇ ਤਰ੍ਹਾਂ ਭਾਜਪਾ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ‘ਜਨਤਾ ਦੀ ਵਿਧਾਨ ਸਭਾ’ ਲਗਾਈ ਗਈ ਸੀ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਕੌਮੀ ਕਾਰਜਕਾਰੀ ਮੈਂਬਰ ਤਰੁਨ ਚੁਘ, ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ, ਮਹਿਲਾਂ ਭਾਜਪਾ ਦੀ ਪ੍ਰਧਾਨ ਜੈ ਇੰਦਰ ਕੌਰ ਸਣੇ ਵੱਡੀ ਗਿਣਤੀ ਆਗੂ ਮੌਜੂਦ ਰਹੇ। ਜਿਨ੍ਹਾਂ ਨੇ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ। ਇਸ ਦੌਰਾਨ ਭਾਜਪਾ ਵੱਲੋਂ ਮੁੱਖ ਮੰਤਰੀ ਖਿਲਾਫ਼ ਨਿੰਦਾ ਮਤਾ ਲਿਆਂਦਾ ਗਿਆ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਮਜ਼ਦੂਰਾਂ ਦੇ ਨਾਮ ਉੱਤੇ ਸਿਆਸਤ ਕੀਤੀ ਜਾ ਰਹੀ ਹੈ।