ਅੰਮ੍ਰਿਤਸਰ ਦੀ ਦਾਣਾ ਮੰਡੀ ਦਾ ਸਾਂਸਦ ਔਜਲਾ ਵੱਲੋਂ ਦੌਰਾ/ ਲਿਫਟਿੰਗ ਦੇ ਸੁਸਤ ਚਾਲ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ/ ਖੁੱਲ੍ਹੇ ’ਚ ਪਈ ਕਣਕ ’ਤੇ ਜਾਹਰ ਕੀਤੀ ਚਿੰਤਾ

0
1

ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਭਗਤਾਂ ਵਾਲਾ ਦਾਣਾ ਮੰਡੀ ਪਹੁੰਚੇ, ਜਿੱਥੇ ਉਨ੍ਹਾਂ ਨੇ ਲਿਫਟਿੰਗ ਦੇ ਕੰਮ ਵਿਚ ਆਈ ਖੜੌਤ ਦਾ ਜਾਇਜ਼ਾ ਲਿਆ। ਆਪਣੇ ਸੰਬੋਧਨ ਵਿਚ ਸਾਂਸਦ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਸਮੇਤ ਜ਼ਿਆਦਾਤਰ ਮੰਡੀਆਂ ਵਿੱਚ ਕਣਕ ਖੁੱਲੇ ਆਸਮਾਨ ਹੇਠ ਪਈ ਹੈ, ਜਿਸ ਕਾਰਨ ਮੀਂਹ ਦੀ ਸੂਰਤ ਵਿਚ  ਫਸਲ ਖਰਾਬ ਹੋਣ ਦਾ ਖਤਰਾ ਵਧ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਤੁਰੰਤ ਰਿਫਟਿੰਗ ਦੀ ਮੰਗ ਕੀਤੀ ਤਾਂ ਜੋ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।
ਔਜਲਾ ਨੇ ਅੱਗੇ ਕਿਹਾ ਕਿ ਲਗਭਗ 6.05 ਲੱਖ ਗੋਣੀਆਂ ਕਣਕ ਮੰਡੀਆਂ ਵਿੱਚ ਪਈ ਹੈ, ਪਰ ਲਿਫਟਿੰਗ ਸਿਰਫ 10 ਫੀਸਦੀ ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਜਿਵੇਂ ਅਜਨਾਲਾ, ਲੋਪੋਕੇ, ਭਿੰਡੀ ਸੈਦਾਂ, ਮਜੀਠਾ ਅਤੇ ਹੋਰ ਮੰਡੀਆਂ ਵਿੱਚ ਹਾਲਾਤ ਬਹੁਤ ਮਾੜੇ ਹਨ। ਬਹੁਤੀਆਂ ਥਾਵਾਂ ‘ਤੇ ਨਾ ਤਾਂ ਢੱਕਣ ਲਈ ਸ਼ੈੱਡ ਹਨ ਅਤੇ ਨਾ ਹੀ ਸਹੀ ਪ੍ਰਬੰਧ, ਜਿਸ ਕਾਰਨ ਫਸਲ ਨੂੰ ਨੁਕਸਾਨ ਹੋ ਰਿਹਾ ਹੈ।
ਟੈਂਡਰ ਪ੍ਰਕਿਰਿਆ ‘ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ 70 ਤੋਂ 80 ਫੀਸਦੀ ਟੈਂਡਰ ਉਹਨਾਂ ਲੋਕਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਕੋਲ ਆਪਣੇ ਟਰੱਕ ਹੀ ਨਹੀਂ ਹਨ। ਔਜਲਾ ਨੇ ਦੋਸ਼ ਲਾਇਆ ਕਿ ਕਾਗਜ਼ੀ ਗੱਡੀਆਂ ਦਿਖਾ ਕੇ ਟੈਂਡਰ ਹਾਸਲ ਕੀਤੇ ਗਏ ਹਨ, ਜਿਸ ਕਾਰਨ ਲਿਫਟਿੰਗ ਦੀ ਗਤੀ ਬਹੁਤ ਹੌਲੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਬਾਹਰੀ ਰਾਜਾਂ ਤੋਂ ਬੱਸਾਂ ਮੰਗਵਾ ਸਕਦੀ ਹੈ, ਤਾਂ ਕਣਕ ਦੀ ਲਿਫਟਿੰਗ ਲਈ ਟਰੱਕ ਕਿਉਂ ਨਹੀਂ ਮੰਗਵਾਏ ਜਾ ਸਕਦੇ।
ਸੰਸਦ ਮੈਂਬਰ ਨੇ ਕਿਹਾ ਕਿ ਮੀਂਹ, ਚੋਰੀ ਅਤੇ ਜਾਨਵਰਾਂ ਕਾਰਨ ਕਣਕ ਨੂੰ ਨੁਕਸਾਨ ਪਹੁੰਚ ਰਿਹਾ ਹੈ, ਜਿਸਦਾ ਭਾਰ ਅਖੀਰ ਵਿੱਚ ਕਿਸਾਨਾਂ ਅਤੇ ਆੜਤੀਆਂ ‘ਤੇ ਪੈਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ 72 ਘੰਟਿਆਂ ਵਿੱਚ ਲਿਫਟਿੰਗ ਅਤੇ ਭੁਗਤਾਨ ਦੇ ਕੀਤੇ ਵਾਅਦੇ ਝੂਠ ਸਾਬਤ ਹੋਏ ਹਨ। ਔਜਲਾ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਸਿਰਫ ਇਸ਼ਤਿਹਾਰਬਾਜ਼ੀ ‘ਤੇ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਵੀ ਚਿੰਤਾਜਨਕ ਹੈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਅੰਤ ਵਿੱਚ ਕਿਹਾ ਕਿ ਜੇ ਸਮੇਂ ਸਿਰ ਪ੍ਰਬੰਧ ਨਾ ਸੁਧਾਰੇ ਗਏ, ਤਾਂ ਕਿਸਾਨਾਂ ਅਤੇ ਆੜਤੀਆਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ, ਜਿਸਦਾ ਅਸਰ ਆਮ ਲੋਕਾਂ ‘ਤੇ ਵੀ ਪਏਗਾ।

LEAVE A REPLY

Please enter your comment!
Please enter your name here