ਕੀਰਤਪੁਰ ਸਾਹਿਬ ਵਿਖੇ ਹੋਣਗੇ ਸਥਾਪਨਾ ਦਿਹਾੜੇ ਮੌਕੇ ਸਮਾਗਮ/ ਜਥੇਦਾਰ ਗੜਗੱਜ ਵੱਲੋਂ ਸੰਗਤ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ

0
1

ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਥਾ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸੰਗਤ ਨੂੰ ਸ੍ਰੀ ਕਰਤਾਰਪੁਲ ਸਾਹਿਬ ਵਿਖੇ ਮਨਾਏ ਜਾ ਰਹੇ 400 ਸਾਲਾ ਸਥਾਪਨਾ ਦਿਹਾੜੇ ਮੌਕੇ ਵੱਧ ਚੜ੍ਹ ਕੇ ਸ਼ਿਰਕਤ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਐਸਜੀਪੀਸੀ ਵੱਲੋਂ ਇਸ ਮੌਕੇ 29 ਅਪ੍ਰੈਲ ਤੋਂ 1 ਮਈ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਸਮੁੱਚੀ ਸੰਗਤ ਨੂੰ ਵੱਡੀ ਗਿਣਤੀ ਵਿੱਚ ਕੀਰਤਪੁਰ ਸਾਹਿਬ ਪਹੁੰਚ ਕੇ ਗੁਰਬਾਣੀ ਕੀਰਤਨ ਅਤੇ ਇਤਿਹਾਸ ਨਾਲ ਜੁੜਨ ਦੀ ਅਪੀਲ ਕੀਤੀ।
ਆਪਣੇ ਹਾਲੀਆ ਨਿਊਜ਼ੀਲੈਂਡ ਦੌਰੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੇ ਕੁਝ ਮਹੀਨੇ ਪਹਿਲਾਂ ਨਗਰ ਕੀਰਤਨ ਦਾ ਹੋਇਆ ਵਿਰੋਧ ਕਿਸੇ ਭਾਈਚਾਰੇ ਵੱਲੋਂ ਨਹੀਂ, ਸਗੋਂ ਕੁਝ ਸ਼ਰਾਰਤੀ ਅਨਸਰਾਂ ਦੀ ਚਾਲ ਸੀ। ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਉੱਥੋਂ ਦੇ ਮੋਹਰੀ ਆਗੂਆਂ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ ਨੇ ਸਿੱਖੀ ਸਿਧਾਂਤਾਂ ਦਾ ਸਤਿਕਾਰ ਕਰਦਿਆਂ ਅਗਾਮੀ ਨਗਰ ਕੀਰਤਨਾਂ ਵਿੱਚ ਖੁਦ ਸ਼ਰਧਾ ਨਾਲ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ।
ਜਥੇਦਾਰ ਗੜਗੱਜ ਨੇ ਨੌਜਵਾਨ ਪੀੜ੍ਹੀ ਨਾਲ ਹੋਏ ਸੰਵਾਦ ਬਾਰੇ ਦੱਸਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦੇ ਦਿਲਾਂ ਵਿੱਚ ਅੱਜ ਵੀ ਪੰਜਾਬ, ਪੰਥ ਅਤੇ ਗੁਰੂ ਦੀ ਸਿੱਖੀ ਵੱਸਦੀ ਹੈ। ਉਨ੍ਹਾਂ ਕੋਵਿਡ ਦੌਰਾਨ ਸਿੱਖ ਸੰਸਥਾਵਾਂ ਵੱਲੋਂ ਕੀਤੀ ਗਈ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ, ਜਿਸ ਸਦਕਾ ਅੱਜ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਹੋਰ ਕੌਮਾਂ ਵੀ ਸਿੱਖ ਸਮਾਗਮਾਂ ਵਿੱਚ ਉਤਸ਼ਾਹ ਨਾਲ ਸ਼ਾਮਲ ਹੁੰਦੀਆਂ ਹਨ। ਅੰਤ ਵਿੱਚ, ਉਨ੍ਹਾਂ ਹਾਲ ਹੀ ਵਿੱਚ ਕੈਨੇਡਾ ਵਿੱਚ ਨੌਜਵਾਨ ਕੁੱਟਮਾਰ ਦੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਭਿਅਕ ਸਮਾਜ ਵਿੱਚ ਅਜਿਹੀ ਹਿੰਸਾ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਦਸਤਾਰ ਦੀ ਅਹਿਮੀਅਤ ‘ਤੇ ਜ਼ੋਰ ਦਿੰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਸਤਾਰ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾ ਦਿੱਤੀ ਜਾਵੇ।

LEAVE A REPLY

Please enter your comment!
Please enter your name here