ਸਰਹਿੰਦ ਮੰਡੀ ਦਾ ਸਾਂਸਦ ਅਮਰ ਸਿੰਘ ਵੱਲੋਂ ਦੌਰਾ/ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ/ ਏਜੰਸੀਆਂ ਨੂੰ ਲਿਫਟਿੰਗ ’ਚ ਤੇਜ਼ੀ ਲਿਆਉਣ ਦੀ ਹਦਾਇਤ

0
2

ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਸਾਂਸਦ ਡਾ. ਅਮਰ ਸਿੰਘ ਨੇ ਸਰਹਿੰਦ ਦਾਣਾ ਮੰਡੀ ਦਾ ਦੌਰਾ ਕਿਸਾਨਾਂ ਤੇ ਆੜ੍ਹਤੀਆਂ ਨਾਲ ਮੁਲਾਕਾਤ ਕਰ ਕੇ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਆੜਤੀਆਂ ਤੇ ਕਿਸਾਨਾਂ ਨੇ ਲਿਫਟਿੰਗ ਦੀ ਢਿੱਲੀ ਰਫਤਾਰ ਦੀ ਸ਼ਿਕਾਇਤ ਕਰਦਿਆਂ ਲਿਫਟਿੰਗ ਦੇ ਕੰਮ ਵਿਚ ਤੇਜ਼ੀ ਲਿਆਉਣ ਦੀ ਮੰਗ ਕੀਤੀ।  ਸਾਂਸਦ ਡਾ. ਅਮਰ ਸਿੰਘ ਨੇ ਮੌਕੇ ’ਤੇ ਹੀ ਤੁਰੰਤ ਕਾਰਵਾਈ ਕਰਦਿਆਂ ਵੱਖ-ਵੱਖ ਏਜੰਸੀਆਂ ਦੇ ਡਿਵੀਜ਼ਨਲ ਮੈਨੇਜਰਾਂ ਨਾਲ ਫੋਨ ’ਤੇ ਸੰਪਰਕ ਕੀਤਾ ਅਤੇ ਸਪੈਸ਼ਲ ਗੱਡੀਆਂ ਲਗਾ ਕੇ ਜਲਦ ਤੋਂ ਜਲਦ ਅਨਾਜ ਦੀ ਲਿਫਟਿੰਗ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕੇਂਦਰੀ ਪੱਧਰ ’ਤੇ ਵੀ ਗੱਲਬਾਤ ਕਰ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵੀ ਮੌਜੂਦ ਸਨ। ਦੌਰੇ ਦੌਰਾਨ ਸਮੱਸਿਆਵਾਂ ਨਾਲ ਜੂਝ ਰਹੇ ਪੀੜਤ ਆੜਤੀਆਂ ਵੱਲੋਂ ਲਿਫਟਿੰਗ ਦੀ ਗੰਭੀਰ ਸਮੱਸਿਆ ਉੱਠਾਈ ਗਈ। ਉਨ੍ਹਾਂ ਨੇ ਮੰਗ ਕੀਤੀ ਕਿ ਮੰਡੀਆਂ ਵਿੱਚ ਪਿਆ ਅਨਾਜ ਜਲਦ ਤੋਂ ਜਲਦ ਚੁੱਕਵਾਇਆ ਜਾਵੇ ਤਾਂ ਜੋ ਖੁੱਲ੍ਹੇ ਆਸਮਾਨ ਹੇਠ ਪਿਆ ਅਨਾਜ ਖਰਾਬ ਹੋਣ ਤੋਂ ਬਚ ਸਕੇ।
ਆੜਤੀਆਂ ਨੇ ਦੱਸਿਆ ਕਿ ਧੀਮੀ ਰਫਤਾਰ ਨਾਲ ਹੋ ਰਹੀ ਲਿਫਟਿੰਗ ਕਾਰਨ ਮੰਡੀ ਵਿੱਚ ਅਨਾਜ ਦੇ ਵੱਡੇ-ਵੱਡੇ ਅੰਬਾਰ ਲੱਗ ਚੁੱਕੇ ਹਨ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਲਿਫਟਿੰਗ ਵਿੱਚ ਹੋ ਰਹੀ ਦੇਰੀ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਅਤੇ ਆੜਤੀਆਂ ਨੇ ਆਪਣੀਆਂ ਸਮੱਸਿਆਵਾਂ ਸਾਂਸਦ ਅੱਗੇ ਰੱਖੀਆਂ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਇਸ ਦਾ ਹੱਲ ਨਿਕਲੇਗਾ।

LEAVE A REPLY

Please enter your comment!
Please enter your name here