ਅੰਮ੍ਰਿਤਸਰ ’ਚ ਮੀਡੀਆ ਨੂੰ ਮੁਖਾਤਿਬ ਹੋਏ ਮਨਜਿੰਦਰ ਸਿਰਸਾ/ ਵਿਰੋਧੀ ਧਿਰਾਂ ’ਤੇ ਮਹਿਲਾਵਾਂ ਦੇ ਹੱਕ ਖੋਹਣ ਦੇ ਇਲਜ਼ਾਮ/ ਬੇਅਦਬੀ ਕਾਨੂੰਨ ਪਾਸ ਹੋਣ ਦਾ ਕੀਤਾ ਸਵਾਗਤ

0
2

ਸੀਨੀਅਰ ਭਾਜਪਾ ਆਗੂ ਤੇ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੰਮ੍ਰਿਤਸਰ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਵਿਰੋਧੀ ਧਿਰਾਂ ਨੂੰ ਘੇਰਿਆ ਹੈ। ਮਹਿਲਾ ਰਾਖਵਾਕਰਨ ਬਿੱਲ ਦੇ ਹਵਾਲੇ ਨਾਲ ਵਿਰੋਧੀ ਧਿਰਾਂ ਨੂੰ ਨਿਸ਼ਾਨੇ ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫੀਸਦੀ ਹਿੱਸਾਂ ਦੇਣ ਲਈ ਲੋਕ ਸਭਾ ਵਿਚ ਬਿੱਲ ਪੇਸ਼ ਕੀਤਾ ਪਰ ਵਿਰੋਧੀ ਧਿਰਾਂ ਦੇ ਵਿਰੋਧ ਕਾਰਨ ਇਹ ਬਿੱਲ ਡਿੱਗ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਇਸ ਕਦਮ ਨਾਲ ਮਹਿਲਾਵਾਂ ਆਪਣੇ ਹੱਕ ਤੋਂ ਵਾਂਝੀਆਂ ਰਹਿ ਗਈਆਂ ਹਨ। ਪੰਜਾਬ ਸਰਕਾਰ ਦੇ ਬੇਅਦਬੀ ਕਾਨੂੰਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਹਰ ਕਦਮ ਦਾ ਸਵਾਗਤ ਹੋਣਾ ਚਾਹੀਦਾ ਹੈ ਪਰ ਨਾਲ ਹੀ ਪਿਛਲੇ ਮਾਮਲਿਆਂ ਵਿਚ ਵੀ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਤਿੰਨ ਦਿਨ ਪਹਿਲਾਂ ਸੰਸਦ ਵਿੱਚ ਜੋ ਕੁਝ ਹੋਇਆ, ਉਹ ਬਹੁਤ ਹੀ ਦੁਖਦਾਈ ਸੀ ਅਤੇ “ਨਾਰੀ ਸ਼ਕਤੀ ਬਿੱਲ” ਨੂੰ ਰੋਕਣਾ ਨਿੰਦਣਯੋਗ ਕਦਮ ਹੈ। ਸਿਰਸਾ ਨੇ ਦੋਸ਼ ਲਗਾਇਆ ਕਿ ਕਾਂਗਰਸ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ ਅਤੇ ਹੋਰ ਵਿਰੋਧੀ ਧਿਰਾਂ ਨੇ ਮਿਲ ਕੇ ਇਸ ਬਿੱਲ ਦਾ ਵਿਰੋਧ ਕੀਤਾ, ਜਿਸ ਨਾਲ ਦੇਸ਼ ਦੀਆਂ 33 ਫੀਸਦੀ ਮਹਿਲਾਵਾਂ ਨੂੰ ਮਿਲਣ ਵਾਲਾ ਰਾਖਵਾਕਰਨ ਵਿਚਾਲੇ ਰੁਕ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਹੀ ਐਸਾ ਰਿਹਾ ਹੈ ਕਿ ਉਹ ਹਮੇਸ਼ਾ ਮਹਿਲਾਵਾਂ ਨੂੰ ਰਾਖਵਾਕਰਨ ਦੇਣ ਦੀ ਗੱਲ ਕਰਦੀ ਰਹੀ ਪਰ ਕਦੇ ਵੀ ਇਸ ਨੂੰ ਅਮਲ ਵਿੱਚ ਨਹੀਂ ਲਿਆਉਂਦੀ।
ਉਨ੍ਹਾਂ ਨੇ ਪਰਿਸੀਮਨ ਬਿੱਲ 2026, ਸੰਵਿਧਾਨ 131ਵਾਂ ਸੋਧ ਬਿੱਲ 2026 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸੋਧ ਬਿੱਲ 2026 ‘ਤੇ ਵੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਬਿੱਲਾਂ ਦਾ ਮਕਸਦ ਦੇਸ਼ ਵਿੱਚ ਹਰ ਵੋਟ ਦੀ ਬਰਾਬਰ ਕੀਮਤ ਯਕੀਨੀ ਬਣਾਉਣਾ ਹੈ। ਸਿਰਸਾ ਨੇ ਦੱਸਿਆ ਕਿ ਪਰਿਸੀਮਨ ਨਾਲ ਕਿਸੇ ਵੀ ਰਾਜ ਦਾ ਨੁਕਸਾਨ ਨਹੀਂ ਹੋਣਾ ਸੀ, ਸਗੋਂ ਯੋਗਦਾਨ ਵੱਧਣਾ ਸੀ। ਉਨ੍ਹਾਂ ਦੇ ਅਨੁਸਾਰ, ਪੰਜਾਬ ਵਿੱਚ ਸੀਟਾਂ ਵੱਧ ਕੇ 20 ਹੋ ਸਕਦੀਆਂ ਸਨ, ਜਿਸ ਨਾਲ ਪ੍ਰਤੀਨਿਧਿਤਾ ਹੋਰ ਮਜ਼ਬੂਤ ਹੁੰਦੀ।
ਉਨ੍ਹਾਂ ਨੇ ਪ੍ਰਿਅਕਾ ਗਾਂਧੀ ਦੇ ਬਿਆਨ ‘ਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਮਹਿਲਾਵਾਂ ਨੂੰ ਰਾਖਵਾਕਰਨ ਦੇ ਕੇ ਉਨ੍ਹਾਂ ਦੀ ਸਥਿਤੀ ਮਜ਼ਬੂਤ ਕਰਨਾ ਚਾਹੁੰਦੀ ਹੈ ਤਾਂ ਇਸ ਵਿੱਚ ਗਲਤ ਕੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੋਚ ਹੈ ਕਿ ਹਰ ਨਾਗਰਿਕ ਅਤੇ ਹਰ ਵੋਟ ਦੀ ਬਰਾਬਰ ਮਹੱਤਤਾ ਹੋਵੇ।
ਸਿਰਸਾ ਨੇ ਇਹ ਵੀ ਕਿਹਾ ਕਿ ਭਾਜਪਾ ਨੇ ਮਹਿਲਾਵਾਂ ਨੂੰ ਸਭ ਤੋਂ ਵੱਧ ਪ੍ਰਤੀਨਿਧਿਤਾ ਦਿੱਤੀ ਹੈ ਅਤੇ ਦੇਸ਼ ਨੂੰ ਇੱਕ ਆਦਿਵਾਸੀ ਮਹਿਲਾ ਰਾਸ਼ਟਰਪਤੀ ਦੇ ਕੇ ਵੱਡਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਨੇ ਮਿਲ ਕੇ ਮਹਿਲਾਵਾਂ ਦੇ ਭਵਿੱਖ ਨਾਲ ਖੇਡਿਆ ਹੈ ਅਤੇ ਇਸ ਲਈ ਉਨ੍ਹਾਂ ਨੂੰ ਜਨਤਾ, ਖਾਸ ਕਰਕੇ ਮਹਿਲਾਵਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ।

LEAVE A REPLY

Please enter your comment!
Please enter your name here