ਪੰਜਾਬ ਨਰਕ ਭੋਗਣ ਲਈ ਮਜਬੂਰ ਸਰਹੱਦੀ ਪਿੰਡ ਦੇ ਲੋਕ/ ਤਿੰਨ ਪਾਸਿਓਂ ਘਿਰਿਆ ਹੋਇਆ ਹੈ ਸਰਹੱਦੀ ਪਿੰਡ/ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਪਿੰਡ ਕਮਾਲਪੁਰ ਜੱਟਾਂ By admin - April 19, 2026 0 2 Facebook Twitter Pinterest WhatsApp ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨਜ਼ਦੀਕ ਵਸੇ ਸਰਹੱਦ ਦੇ ਆਖਰੀ ਪਿੰਡ ਕਮਾਲਪੁਰ ਜੱਟਾ ਦੇ ਨਿਵਾਸੀ ਆਜ਼ਾਦੀ ਤੋਂ 79 ਸਾਲਾਂ ਬਾਅਦ ਦੀ ਨਕਕ ਭੋਗਣ ਲਈ ਮਜਬੂਰ ਹੈ। ਹਾਲਤ ਇਹ ਹੈ ਕਿ ਇਸ ਪਿੰਡ ਵਿਚ ਅੱਜ ਵੀ ਬੁਨਿਆਦੀ ਸਹੂਲਤਾਂ ਨਾਮ ਦੀ ਕੋਈ ਚੀਜ਼ ਨਹੀਂ ਹੈ। ਤਿੰਨ ਪਾਸਿਓਂ ਪਾਕਿਸਤਾਨ ਦੀਆਂ ਸਰਹੱਦਾਂ ਨਾਲ ਘਿਰਿਆ ਇਸ ਪਿੰਡ ਵਿਚ ਕੋਈ ਵੀ ਬੁਨਿਆਦੀ ਸਹੂਲਤ ਮੌਜੂਦ ਨਹੀਂ ਹੈ। ਲੋਕਾਂ ਦੇ ਦੱਸਣ ਮੁਤਾਬਕ ਵੋਟਾਂ ਵੇਲੇ ਤੋਂ ਬਿਨਾਂ ਕਦੇ ਵੀ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਲੋਕਾਂ ਨੇ ਸਰਕਾਰ ਤੋਂ ਪਿੰਡ ਵਿਚ ਸਹੂਲਤਾਂ ਮੁਹੱਈਆਂ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀ ਪਰਮਜੀਤ ਸਿੰਘ ਅਤੇ ਅਮਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕੋਈ ਵੀ ਸਰਕਾਰੀ ਸਕੂਲ ਨਹੀਂ ਹੈ। ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਨ ਲਈ ਕਈ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਰਸਤੇ ਵਿੱਚ ਅਵਾਰਾ ਕੁੱਤਿਆਂ ਅਤੇ ਹੋਰ ਕਈ ਤਰ੍ਹਾਂ ਦੇ ਖਤਰਿਆਂ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ।ਪਿੰਡ ਵਿੱਚ ਕੋਈ ਡਿਸਪੈਂਸਰੀ ਜਾਂ ਹਸਪਤਾਲ ਨਹੀਂ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ ਸ਼ਹਿਰਾਂ ਵੱਲ ਭੱਜਣਾ ਪੈਂਦਾ ਹੈ, ਜਿਸ ਕਾਰਨ ਕਈ ਵਾਰ ਜਾਨੀ ਨੁਕਸਾਨ ਦਾ ਖਤਰਾ ਵੀ ਬਣ ਜਾਂਦਾ ਹੈ। ਸਰਹੱਦੀ ਖੇਤਰ ਅਤੇ ਦਰਿਆਈ ਇਲਾਕਾ ਹੋਣ ਕਾਰਨ ਪਿੰਡ ਦਾ ਪਾਣੀ ਪੀਣ ਯੋਗ ਨਹੀਂ ਹੈ। ਪਿੰਡ ਵਿੱਚ ਪਾਣੀ ਵਾਲੀ ਕੋਈ ਟੈਂਕੀ ਨਹੀਂ ਹੈ ਅਤੇ ਕੁਝ ਨਲਕਿਆਂ ਦਾ ਪਾਣੀ ਵੀ ਬੇਹੱਦ ਖਰਾਬ ਹੈ। ਪਿੰਡ ਨੂੰ ਆਉਂਦੀਆਂ ਸੜਕਾਂ ਦੀ ਹਾਲਤ ਬੇਹੱਦ ਮਾੜੀ ਹੈ। ਇਸ ਦੇ ਨਾਲ ਹੀ ਬਿਜਲੀ ਦੀ ਸਪਲਾਈ ਦਾ ਵੀ ਬੁਰਾ ਹਾਲ ਹੈ। ਮਾੜੀ ਜਿਹੀ ਹਵਾ ਚੱਲਣ ‘ਤੇ ਵੀ ਬਿਜਲੀ ਕੱਟ ਦਿੱਤੀ ਜਾਂਦੀ ਹੈ। ਪਹਿਲਾਂ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਨੌਕਰੀਆਂ ਵਿੱਚ ਵਿਸ਼ੇਸ਼ ਛੋਟ ਮਿਲਦੀ ਸੀ, ਜੋ ਕਿ ਹੁਣ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਪੜ੍ਹੇ-ਲਿਖੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਚੋਣਾਂ ਵੇਲੇ ਤਾਂ ਹਰ ਪਾਰਟੀ ਦੇ ਲੀਡਰ ਵੋਟਾਂ ਲੈਣ ਲਈ ਇੱਥੇ ਗੇੜੇ ਮਾਰਦੇ ਹਨ ਅਤੇ ਵੱਡੇ-ਵੱਡੇ ਵਾਅਦੇ ਕਰਦੇ ਹਨ, ਪਰ ਜਿੱਤਣ ਤੋਂ ਬਾਅਦ ਕੋਈ ਵੀ ਇਨ੍ਹਾਂ ਸਰਹੱਦੀ ਪਿੰਡਾਂ ਦੀ ਸਾਰ ਨਹੀਂ ਲੈਂਦਾ। ਉਨ੍ਹਾਂ ਕਿਹਾ ਕਿ ਜੰਗ ਵਰਗੇ ਹਾਲਾਤਾਂ ਵਿੱਚ ਵੀ ਅਸੀਂ ਆਪਣੀਆਂ ਜ਼ਮੀਨਾਂ ਅਤੇ ਪਿੰਡ ਨਹੀਂ ਛੱਡਦੇ, ਪਰ ਸਰਕਾਰ ਨੇ ਸਾਨੂੰ ਅਣਗੌਲਿਆ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਬੁਨਿਆਦੀ ਮੰਗਾਂ (ਸਕੂਲ, ਹਸਪਤਾਲ, ਪਾਣੀ ਦੀ ਟੈਂਕੀ ਅਤੇ ਸੜਕਾਂ) ਜਲਦ ਪੂਰੀਆਂ ਨਾ ਕੀਤੀਆਂ ਗਈਆਂ, ਤਾਂ ਉਹ ਆਉਣ ਵਾਲੀਆਂ ਚੋਣਾਂ ਵਿੱਚ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਣਗੇ।