ਮੋਗਾ ਸੈਕਸ ਸਕੈਂਡਲ ਮਾਮਲਾ: ਵਿਧਾਇਕਾ ਦਾ ਅਕਾਲੀ ਦਲ ਵੱਲ ਨਿਸ਼ਾਨਾ/ ਅਕਾਲੀ ਆਗੂ ਦੀ ਸ਼ਮੂਲੀਅਤ ਬਾਰੇ ਪੁੱਛੇ ਤਿੱਖੇ ਸਵਾਲ

0
6

ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਸੈਕਸ ਸਕੈਂਡਲ ਮਾਮਲੇ ਵਿਚ ਅਕਾਲੀ ਆਗੂ ਦੀ ਸ਼ਮੂਲੀਅਤ ਨੂੰ ਲੈ ਕੇ ਅਕਾਲੀ ਦਲ ਨੂੰ ਨਿਸ਼ਾਨੇ ਉਤੇ ਲਿਆ ਹੈ। ਮੋਗਾ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਅਰੋੜਾ ਨੇ ਕਿਹਾ ਕਿ ਘਟਨਾ ਨਾਲ ਜੁੜਿਆ ਦੋਸ਼ੀ ਅਕਾਲੀ ਦਲ ਦੀਆਂ ਰੈਲੀਆਂ ਵਿਚ ਮੋਹਰੀ ਭੂਮਿਕਾ ਨਿਭਾਉਂਦਾ ਰਿਹਾ ਹੈ, ਇਸ ਲਈ ਅਕਾਲੀ ਦਲ ਨੂੰ ਇਸ ਮਾਮਲੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਵਿਧਾਇਕਾਂ ਨੇ ਅੱਗੇ ਕਿਹਾ ਕਿ ਮੁਲਜਮ ਜਗਜੀਤ ਸਿੰਘ ਜੀਤਾ ਵਾਰਡ ਨੰਬਰ 28 ਤੋਂ ਅਕਾਲੀ ਦਲ ਦਾ ਕੌਂਸਲਰ ਹੈ ਅਤੇ ਉਹ ਆਪਣੀ ਪਰਸਨਲ ਕੋਠੀ ਨੂੰ ਹੋਟਲ ਦਾ ਰੂਪ ਦੇ ਕੇ ਉੱਥੇ ਇਹ ਗੈਰਕਾਨੂੰਨੀ ਧੰਦਾ ਚਲਾ ਰਿਹਾ ਸੀ। ਵਿਧਾਇਕਾ ਨੇ ਕਿਹਾ ਕਿ ਪੁਲਿਸ ਨੂੰ ਮਿਲੀ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਰੇਡ ਦੌਰਾਨ ਲੜਕੀਆਂ ਨੂੰ ਰੈਸਕਿਊ ਕੀਤਾ ਗਿਆ ਅਤੇ ਮੌਕੇ ‘ਤੇ ਮੌਜੂਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਇਸ ਗੱਲ ‘ਤੇ ਵੀ ਚਿੰਤਾ ਜਤਾਈ ਕਿ ਨਾਬਾਲਿਗ ਲੜਕੀ ਦਾ ਮਿਲਣਾ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੰਦਾ ਹੈ।
ਡਾ. ਅਰੋੜਾ ਨੇ ਦਾਅਵਾ ਕੀਤਾ ਕਿ ਦੋਸ਼ੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਅਤੇ ਪਹਿਲਾਂ ਵੀ ਪਾਰਟੀ ਦੀਆਂ ਰੈਲੀਆਂ ਵਿੱਚ ਸਟੇਜ ਸੈਕਟਰੀ ਵਜੋਂ ਭੂਮਿਕਾ ਨਿਭਾ ਚੁੱਕਾ ਹੈ। ਇਸ ਸਬੰਧੀ ਉਨ੍ਹਾਂ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ, ਜਿਨ੍ਹਾਂ ਵਿੱਚ ਦੋਸ਼ੀ ਆਗੂਆਂ ਦੇ ਨਾਲ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੇ ਮਾਮਲਿਆਂ ਵਿੱਚ ਅਕਾਲੀ ਦਲ ਨਾਲ ਸਬੰਧਤ ਆਗੂਆਂ ਦੇ ਨਾਮ ਸਾਹਮਣੇ ਆਏ ਹੋਣ। ਪਿਛਲੇ ਸਮੇਂ ਦੌਰਾਨ ਵੀ ਅਜਿਹੇ ਸੈਕਸ ਸਕੈਂਡਲਾਂ ਵਿੱਚ ਅਕਾਲੀ ਆਗੂਆਂ ਦੇ ਨਾਮ ਜੁੜਦੇ ਰਹੇ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਵਿਧਾਇਕਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਮੋਗਾ ਸਮੇਤ ਪੂਰੇ ਪੰਜਾਬ ਵਿੱਚ ਅਜਿਹੇ ਗੈਰਕਾਨੂੰਨੀ ਧੰਦਿਆਂ ‘ਤੇ ਵੱਡੇ ਪੱਧਰ ‘ਤੇ ਕਾਰਵਾਈ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਡਾ. ਅਰੋੜਾ ਨੇ ਇਹ ਵੀ ਕਿਹਾ ਕਿ ਸਰਕਾਰ ਪੀੜਤ ਲੜਕੀਆਂ ਦੇ ਪੁਨਰਵਾਸ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਪੂਰੀ ਤਰ੍ਹਾਂ ਕਟਿਬੱਧ ਹੈ।
ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਮੋਗਾ-ਅੰਮ੍ਰਿਤਸਰ ਰੋਡ ‘ਤੇ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਇੱਕ ਕਿਰਾਏ ਦੀ ਕੋਠੀ ਵਿੱਚ ਚੱਲ ਰਹੇ ਦੇਹ ਵਪਾਰ ਦੇ ਗੈਰਕਾਨੂੰਨੀ ਧੰਦੇ ਦਾ ਵੱਡਾ ਪਰਦਾਫਾਸ਼ ਹੋਇਆ ਸੀ। ਇਸ ਕਾਰਵਾਈ ਵਿੱਚ ਪੁਲਿਸ ਨੇ 14 ਲੜਕੀਆਂ ਅਤੇ 7 ਲੜਕਿਆਂ ਸਮੇਤ ਕੁੱਲ 21 ਵਿਅਕਤੀਆਂ ਨੂੰ ਕਾਬੂ ਕੀਤਾ। ਰੈਸਕਿਊ ਕੀਤੀਆਂ ਲੜਕੀਆਂ ਵਿੱਚ ਇੱਕ 16 ਸਾਲਾ ਨਾਬਾਲਿਗ ਦੇ ਸ਼ਾਮਲ ਹੋਣ ਵੀ ਖੁਲਾਸਾ ਹੋਇਆ ਹੈ।

LEAVE A REPLY

Please enter your comment!
Please enter your name here