ਪੰਜਾਬ ਮੋਗਾ ਦੇ ਪਿੰਡ ਚੂਹੜ ਚੱਕ ’ਚ ਫਾਇਰਿੰਗ/ ਜ਼ਮੀਨੀ ਵਿਵਾਦ ਨੂੰ ਲੈ ਕੇ ਵਾਪਰੀ ਘਟਨਾ/ ਗੱਡੀਆਂ ਨੂੰ ਪਹੁੰਚਿਆ ਨੁਕਸਾਨ, ਪੁਲਿਸ ਕਰ ਰਹੀ ਜਾਂਚ By admin - April 14, 2026 0 3 Facebook Twitter Pinterest WhatsApp ਮੋਗਾ ਦੇ ਪਿੰਡ ਚੂਹੜ ਚੱਕ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦੋ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ ਦੇ ਚਲਦਿਆਂ 7 ਰਾਊਂਡ ਫਾਇਰਿੰਗ ਹੋਈ ਹੈ। ਘਟਨਾ ਵਿਚ ਕੁੱਝ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਘਟਨਾ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਧਰਮਕੋਟ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਚੂਹੜ ਚੱਕ ਕਰੀਬ ਪੰਜ ਏਕੜ ਜ਼ਮੀਨ ਨੂੰ ਲੈ ਕੇ ਦੋ ਪਾਰਟੀਆਂ ਵਿਚਾਲੇ ਪੁਰਾਣਾ ਵਿਵਾਦ ਚੱਲ ਰਿਹਾ ਸੀ, ਜਿਸ ਦੇ ਚਲਦਿਆਂ ਘਟਨਾ ਵਾਪਰੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੇ ਦੱਸਣ ਮੁਤਾਬਕ ਗੁਰਪ੍ਰੀਤ ਸਿੰਘ ਨਾਮ ਦੇ ਸਖਸ਼ ਦਾ ਜ਼ਮੀਨ ਉਤੇ ਕਬਜਾ ਹੈ, ਜਦਕਿ ਦੂਜੀ ਧਿਰ ਦੇ ਸ਼ਮਸ਼ੇਰ ਸਿੰਘ ਵੱਲੋਂ ਕਬਜੇ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਦੌਰਾਨ ਦੋਹਾਂ ਪੱਖਾਂ ਵਿਚਾਲੇ ਤਕਰਾਰ ਵਧ ਗਈ, ਜਿਸ ਕਾਰਨ ਇਕ-ਦੂਜੇ ਦੇ ਟਰੈਕਟਰਾਂ ਦੀ ਤੋੜਫੋੜ ਕੀਤੀ ਗਈ ਅਤੇ ਇੱਕ ਸਕਾਰਪਿਓ ਗੱਡੀ ਨੂੰ ਵੀ ਨੁਕਸਾਨ ਪਹੁੰਚਿਆ। ਇਸੇ ਦੌਰਾਨ ਹਵਾਈ ਫਾਇਰਿੰਗ ਵੀ ਕੀਤੀ ਗਈ। ਡੀਐਸਪੀ ਨੇ ਕਿਹਾ ਕਿ ਸਾਨੂੰ ਮੌਕੇ ਤੋਂ ਕੁਝ ਖੋਲ੍ਹ ਬਰਾਮਦ ਹੋਏ ਹਨ ਅਤੇ ਸਥਿਤੀ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ। ਪੁਲਿਸ ਵੱਲੋਂ ਮੁਦਈ ਪਾਰਟੀ ਦੇ ਬਿਆਨਾਂ ਦੇ ਆਧਾਰ ‘ਤੇ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਕਰ ਉਹ ਮਾਮਲੇ ਵਿੱਚ ਦੋਸ਼ੀ ਪਾਏ ਗਏ, ਤਾਂ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਹਾਲਾਂਕਿ ਅਜੇ ਤੱਕ ਕਿਸੇ ਵੀ ਕਿਸਮ ਦਾ ਹਥਿਆਰ ਬਰਾਮਦ ਨਹੀਂ ਹੋਇਆ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।