ਤਰਨ ਤਾਰਨ ਦੇ ਕਸਬਾ ਹਰੀਕੇ ਦੇ ਲੋਕਾਂ ਨੂੰ ਸਤਲੁਜ ਦਰਿਆ ਦੇ ਪਾਣੀ ਕਾਰਨ ਇਕ ਫਿਰ ਬੇਘਰੇ ਹੋਣਾ ਪੈ ਗਿਆ ਐ। ਸਤਿਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪਿੰਡ ਫੁੱਲਾਂ ਵਾਲੀ ਬਸਤੀ ਪਿੰਡ ਘੜੋਮ ਗੱਟੀ ਬਾਦਸ਼ਾਹ ਆਦਿ ਪਿੰਡਾਂ ਦੇ ਖੇਤਾਂ ਅਤੇ ਘਰਾਂ ਅੰਦਰ ਪਾਣੀ ਵੜ ਗਿਆ ਐ, ਜਿਸ ਦੇ ਚਲਦਿਆਂ ਲੋਕ ਮਾਲ ਡੰਗਰ ਲੈ ਕੇ ਸੁਰੱਖਅਤ ਥਾਵਾਂ ਵੱਲ ਜਾ ਰਹੇ ਨੇ।
ਹਾਲਾਤ ਐਨੇ ਮਾੜੇ ਨੇ ਕਿ ਲੋਕ ਆਪਣੇ ਘਰ ਖਾਲੀ ਕਰ ਕੇ ਬੰਨ੍ਹ ਤੇ ਦਿਨ ਕੱਟੀ ਲਈ ਮਜਬੂਰ ਨੇ। ਲੋਕਾਂ ਦਾ ਕਹਿਣਾ ਐ ਕਿ ਉਨ੍ਹਾਂ ਨੂੰ ਹਰ ਸਾਲ ਅਜਿਹੇ ਉਜਾੜੇ ਦਾ ਸਾਹਮਣਾ ਕਰਨਾ ਪੈਂਦਾ ਐ। ਲੋਕਾਂ ਨੇ ਸਰਕਾਰ ਤੋਂ ਮਾਲੀ ਮਦਦ ਦੇ ਨਾਲ ਨਾਲ ਇਸ ਆਫਤ ਦਾ ਪੱਕਾ ਹੱਲ ਕੱਢਣ ਦੀ ਮੰਗ ਕੀਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਪਾਣੀ ਦਾ ਪੱਧਰ ਵਧਣ ਕਾਰਨ ਉਹਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਪਰ ਸਰਕਾਰਾਂ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੰਦੀਆਂ। ਉਹਨਾਂ ਕਿਹਾ ਕਿ 2023 ਦੇ ਵਿੱਚ ਆਏ ਪਾਣੀ ਕਾਰਨ ਉਹਨਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਸੀ ਅਤੇ ਹੁਣ ਫਿਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਉਹਨਾਂ ਦੇ ਖੇਤਾਂ ਅਤੇ ਘਰਾਂ ਅੰਦਰ ਪਾਣੀ ਵੜ ਗਿਆ, ਜਿਸ ਕਾਰਨ ਫਸਲਾਂ ਬਰਬਾਦ ਹੋ ਗਈਆਂ ਨੇ ਅਤੇ ਘਰਾਂ ਦਾ ਸਾਰਾ ਸਮਾਨ ਖਰਾਬ ਹੋ ਗਿਆ ਹੈ।
ਉਹਨਾਂ ਦੱਸਿਆ ਕਿ ਉਹ ਆਪਣੇ ਪਸ਼ੂਆਂ ਪਾਣੀ ਵਿੱਚੋਂ ਬਾਹਰ ਕੱਢ ਕੇ ਬੰਨ੍ਹ ਤੇ ਲੈ ਆਏ ਨੇ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਹਰ ਸਾਲ ਇਸ ਦਰਿਆ ਦੀ ਮਾਰ ਤੋਂ ਉਹਨਾਂ ਨੂੰ ਬਚਾਇਆ ਜਾਵੇ ।