
ਲੁਧਿਆਣਾ ਸ਼ਹਿਰ ਦੇ ਲੋਧੀ ਕਲੱਬ ਰੋਡ ਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਦੋ ਧਿਰਾਂ ਇਕ ਪਲਾਟ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਈਆਂ। ਇਕ ਧਿਰ ਵੱਲੋਂ ਜੇਸੀਬੀ ਦੀ ਮਦਦ ਨਾਲ ਪਲਾਟ ਵਿਚ ਕੀਤੀ ਉਸਾਰੀ ਢਾਹ ਦਿੱਤੀ, ਜਿਸ ਨੂੰ ਲੈ ਕੇ ਦੂਜੀ ਧਿਰ ਨੇ ਇਤਰਾਜ਼ ਜਾਹਰ ਕੀਤਾ। ਇਸ ਦੌਰਾਨ ਦੋਵੇਂ ਧਿਰਾਂ ਨੇ ਜ਼ਮੀਨ ਤੇ ਆਪਣਾ ਹੱਕ ਜਿਤਾਉਂਦਿਆਂ ਇਕ-ਦੂਜੇ ’ਤੇ ਧੱਕੇ ਦੇ ਇਲਜ਼ਾਮ ਲਾਏ। ਪਹਿਲੀ ਧਿਰ ਨੇ ਜ਼ਮੀਨ ਦੀ ਮਲਕੀਅਤ ਉਨ੍ਹਾਂ ਦੇ ਨਾਮ ਤੇ ਹੋਣ ਦੀ ਗੱਲ ਕਹੀ ਐ, ਜਦਕਿ ਦੂਜੀ ਧਿਰ ਦਾ ਕਹਿਣਾ ਐ ਕਿ ਪਲਾਟ ਦੀ ਅਸਲੀ ਮਾਲਕ ਚਰਨਜੀਤ ਕੌਰ ਨਾਮ ਦੀ ਔਰਤ ਐ, ਜਿਸ ਤੋਂ ਉਨ੍ਹਾਂ ਨੇ ਇਹ ਪਲਾਟ ਖਰੀਦਿਆ ਐ। ਖਬਰਾਂ ਮੁਤਾਬਕ ਦੋਵੇਂ ਧਿਰਾਂ ਵਿਚਾਲੇ ਅਦਾਲਤ ਵਿਚ ਕੇਸ ਚੱਲ ਰਿਹਾ ਐ। ਫਿਲਹਾਲ ਦੋਵੇਂ ਧਿਰਾਂ ਪਲਾਟ ਦੀ ਮਲਕੀਅਤ ਨੂੰ ਲੈ ਕੇ ਬਜਿੱਦ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਹਾਲਾਂਕਿ ਜ਼ਮੀਨ ਵਿਵਾਦ ਨੂੰ ਲੈ ਕੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਪਰ ਇਸ ਦੇ ਬਾਵਜੂਦ, ਇੱਕ ਧਿਰ ਚਰਨਜੀਤ ਸਿੰਘ ਬਜਾਜ ਨੇ ਦੂਜੀ ਧਿਰ ‘ਤੇ ਪੁਲਿਸ ਸੁਰੱਖਿਆ ਹੇਠ ਇਮਾਰਤ ਢਾਹੁਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੀ ਧਿਰ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਕੇ ਅਤੇ ਪੁਲਿਸ ਦੀ ਸੁਰੱਖਿਆ ਹੇਠ ਖੁੱਲ੍ਹੇਆਮ ਗੁੰਡਾਗਰਦੀ ਕੀਤੀ। ਪਹਿਲੀ ਧਿਰ ਨੇ ਕਿਹਾ ਕਿ 2 ਜੁਲਾਈ ਦੀ ਰਾਤ ਨੂੰ ਬਸੰਤ ਐਨਕਲੇਵ ਦੇ ਮਾਲਕ ਅਮਿਤ ਬਸੰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਜਾਜ ਐਂਡ ਕੰਪਨੀ ਦੀ ਉਸਾਰੀ ਨੂੰ ਗੈਰ-ਕਾਨੂੰਨੀ ਢੰਗ ਨਾਲ ਢਾਹ ਦਿੱਤਾ। ਜਦੋਂ ਪੀੜਤ ਧਿਰ ਮੁਲਜ਼ਮਾਂ ਦੀ ਗੁੰਡਾਗਰਦੀ ਬਾਰੇ ਸ਼ਿਕਾਇਤ ਕਰਨ ਲਈ ਪੁਲਿਸ ਕੋਲ ਗਈ ਤਾਂ ਪੁਲਿਸ ਮੁਲਾਜ਼ਮਾਂ ਨੇ ਇਹ ਕਹਿ ਕੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਦਬਾਅ ਹੇਠ ਹਨ। ਇਸ ਗੁੰਡਾਗਰਦੀ ਵਿਰੁੱਧ, ਬਜਾਜ ਐਂਡ ਕੰਪਨੀ ਦੇ ਮਾਲਕ ਚਰਨਜੀਤ ਸਿੰਘ ਬਜਾਜ (ਚੰਨੀ ਬਜਾਜ) ਦੀ ਅਗਵਾਈ ਹੇਠ ਕੰਪਨੀ ਦੇ ਨੁਮਾਇੰਦੇ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ। ਜਿਸਨੇ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

