ਪੰਜਾਬ ਡੱਬਵਾਲੀ ਢਾਬ ਦੀ ਮੰਡੀ ’ਚ ਕਿਸਾਨਾਂ ਦਾ ਹੰਗਾਮਾ/ ਝੋਨੇ ਨਾਲ ਭਰਿਆ ਟਰੱਕ ਰੋਕਿਆ/ ਬਾਰਦਾਨੇ ਦੀ ਕਾਣੀ ਵੰਡ ਦੇ ਲਾਏ ਇਲਜ਼ਾਮ By admin - November 22, 2026 0 4 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਤਾਜ਼ਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਅਧੀਨ ਪੈਂਦੇ ਪਿੰਡ ਡੱਬਵਾਲੀ ਢਾਬ ਦੀ ਦਾਣਾ ਮੰਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਬਾਰਦਾਨੇ ਦੀ ਕਥਿਤ ਕਾਣੀ ਵੰਡ ਅਤੇ ਬਾਹਰਲੇ ਇਲਾਕਿਆਂ ਤੋਂ ਝੋਨਾ ਲਿਆ ਕੇ ਭਰਨ ਦੇ ਦੋਸ਼ਾਂ ਨੂੰ ਲੈ ਕੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਝੋਨੇ ਨਾਲ ਭਰਿਆ ਇੱਕ ਟਰੱਕ ਰੋਕ ਲਿਆ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਮੰਡੀ ਵਿੱਚ ਕੁੱਲ ਅੱਠ ਆੜ੍ਹਤਾਂ ਹਨ, ਪਰ ਬਾਰਦਾਨਾ ਅਤੇ ਝੋਨੇ ਦੀ ਖਰੀਦ ਸਿਰਫ਼ ਇੱਕ ਚਹੇਤੇ ਆੜ੍ਹਤੀਏ ਨੂੰ ਦਿੱਤੀ ਜਾ ਰਹੀ ਹੈ। ਜਦਕਿ ਬਾਕੀ ਸੱਤ ਆੜ੍ਹਤਾਂ ’ਤੇ ਬੈਠੇ ਕਿਸਾਨ ਆਪਣੀ ਫ਼ਸਲ ਵੇਚਣ ਲਈ ਪਿਛਲੇ ਕਰੀਬ ਇੱਕ ਮਹੀਨੇ ਤੋਂ ਖੱਜਲ-ਖੁਆਰ ਹੋ ਰਹੇ ਹਨ। ਕਿਸਾਨਾਂ ਨੇ ਇਹ ਵੀ ਦੋਸ਼ ਲਾਇਆ ਕਿ ਰਾਤ ਦੇ ਹਨੇਰੇ ਵਿੱਚ ਫਾਜ਼ਿਲਕਾ ਅਤੇ ਗੋਬਿੰਦਗੜ੍ਹ ਵਰਗੇ ਬਾਹਰਲੇ ਇਲਾਕਿਆਂ ਤੋਂ ਝੋਨਾ ਲਿਆ ਕੇ ਬਿਨਾਂ ਪੱਖਾ ਲਗਾਏ ਸਿੱਧਾ ਭਰਿਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਪ੍ਰਸ਼ਾਸਨ ਅਤੇ ਮਾਰਕੀਟ ਕਮੇਟੀ ਕੋਲ ਵਾਰ-ਵਾਰ ਮਸਲਾ ਚੁੱਕਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ, ਜਿਸ ਕਾਰਨ ਉਨ੍ਹਾਂ ਨੂੰ ਟਰੱਕ ਰੋਕਣਾ ਪਿਆ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਮੰਡੀਆਂ ਵਿੱਚ ਪੈਦਾ ਹੋਏ ਸੰਕਟ ਲਈ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੂੰ ਸੀ.ਸੀ. ਲਿਮਿਟ ਸਬੰਧੀ ਭੇਜੇ ਗਏ ਗਲਤ ਅੰਕੜਿਆਂ ਕਾਰਨ ਖਰੀਦ ਪ੍ਰਬੰਧ ਪ੍ਰਭਾਵਿਤ ਹੋਏ ਹਨ। ਕਿਸਾਨਾਂ ਮੁਤਾਬਕ ਜ਼ਿਲ੍ਹੇ ਵਿੱਚ ਅਜੇ ਵੀ ਕਰੀਬ 40 ਫ਼ੀਸਦੀ ਝੋਨਾ ਮੰਡੀਆਂ ਅਤੇ ਖੇਤਾਂ ਵਿੱਚ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਰੀਦ ਪ੍ਰਬੰਧਾਂ ਵਿੱਚ ਦੇਰੀ ਕਾਰਨ ਕਾਲਾਬਾਜ਼ਾਰੀ ਵਧ ਰਹੀ ਹੈ ਅਤੇ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ’ਤੇ ਵਾਧੂ ਖਰਚੇ ਅਤੇ ਕਾਟ ਲਗਾਈ ਜਾ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਹਲਕੇ ਦੇ ਵਿਧਾਇਕ ਅਤੇ ਖੇਤੀਬਾੜੀ ਮੰਤਰੀ ਦੀ ਚੁੱਪ ’ਤੇ ਵੀ ਰੋਸ ਜ਼ਾਹਰ ਕੀਤਾ। ਉੱਥੇ ਹੀ ਪੀੜਤ ਕਿਸਾਨ ਰਮਨਦੀਪ ਸਿੰਘ ਨੇ ਆਪਣੀ ਮੁਸ਼ਕਲ ਦੱਸਦਿਆਂ ਕਿਹਾ ਕਿ ਉਸ ਨੂੰ ਮੰਡੀ ਵਿੱਚ ਬੈਠਿਆਂ 40 ਦਿਨ ਹੋ ਚੁੱਕੇ ਹਨ ਅਤੇ ਉਸ ਦੇ 250 ਗੱਟੇ ਝੋਨੇ ਦੇ ਅਜੇ ਵੀ ਵਿਕਣ ਤੋਂ ਰਹਿੰਦੇ ਹਨ। ਉਸ ਨੇ ਦੱਸਿਆ ਕਿ ਆੜ੍ਹਤੀ ਵੱਲੋਂ 1800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਵੇਚਣ ਦੀ ਗੱਲ ਕਹੀ ਜਾ ਰਹੀ ਹੈ, ਜਦਕਿ ਸਰਕਾਰੀ ਭਾਅ 2465 ਰੁਪਏ ਹੈ। ਇਸ ਤਰ੍ਹਾਂ ਉਸ ਨੂੰ ਪ੍ਰਤੀ ਕੁਇੰਟਲ ਕਰੀਬ 600 ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਅਖੀਰ ਵਿੱਚ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਮੰਡੀ ਦੀਆਂ ਸਾਰੀਆਂ ਆੜ੍ਹਤਾਂ ਨੂੰ ਬਰਾਬਰ ਬਾਰਦਾਨਾ ਮੁਹੱਈਆ ਨਹੀਂ ਕਰਵਾਇਆ ਜਾਂਦਾ ਅਤੇ ਨਿਰਪੱਖ ਢੰਗ ਨਾਲ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਮੰਡੀ ਵਿੱਚੋਂ ਝੋਨੇ ਦੀ ਲਿਫਟਿੰਗ ਨਹੀਂ ਹੋਣ ਦਿੱਤੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਿਸਾਨਾਂ ਦੀਆਂ ਇਨ੍ਹਾਂ ਸ਼ਿਕਾਇਤਾਂ ’ਤੇ ਕੀ ਕਾਰਵਾਈ ਕਰਦਾ ਹੈ।