ਚਮਕੌਰ ਸਾਹਿਬ ’ਚ ‘ਜਵਾਨੀ ਸੰਭਾਲ ਯਾਤਰਾ’ ਦਾ ਵਿਰੋਧ/ ਜਸਵੀਰ ਗੜ੍ਹੀ ਨੇ ਦਲਿਤ ਸਮਾਜ ਦਾ ਚੁੱਕਿਆ ਮੁੱਦਾ/ ਸਾਈਕਲ ਯਾਤਰਾ ਦੇ ਖਰਚੇ ਤੇ ਫੰਡਾਂ ‘ਤੇ ਉੱਠੇ ਸਵਾਲ

0
4

ਸ਼੍ਰੀ ਚਮਕੌਰ ਸਾਹਿਬ ਵਿਖੇ ਕਾਂਗਰਸ ਦੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਨੂੰ ਲੈ ਕੇ ਸਿਆਸੀ ਵਿਰੋਧ ਦੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਕਈ ਮੁੱਦਿਆਂ ‘ਤੇ ਘੇਰਿਆ। ਗੜ੍ਹੀ ਨੇ ਸਵਾਲ ਚੁੱਕਿਆ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕਰਨ ਵਾਲੀ ਕਾਂਗਰਸ ਪਹਿਲਾਂ ਦਲਿਤ ਸਮਾਜ ਦੇ ਸਨਮਾਨ ਅਤੇ ਅਧਿਕਾਰਾਂ ਬਾਰੇ ਆਪਣਾ ਪੱਖ ਸਪੱਸ਼ਟ ਕਰੇ।  ਇਸ ਦੇ ਨਾਲ ਹੀ ਗੜ੍ਹੀ ਨੇ ਸਾਈਕਲ ਯਾਤਰਾ ਲਈ ਖਰੀਦੇ ਗਏ ਸਾਈਕਲਾਂ ਦੀ ਕੀਮਤ ਅਤੇ ਫੰਡਾਂ ਦੇ ਸਰੋਤ ਜਨਤਕ ਕਰਨ ਦੀ ਮੰਗ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਜਿੱਥੇ ਵੀ ਕਾਂਗਰਸ ਦੀ ਇਹ ਯਾਤਰਾ ਪਹੁੰਚੇਗੀ, ਉੱਥੇ ਦਲਿਤ ਸਮਾਜ ਆਪਣੇ ਹੱਕਾਂ ਅਤੇ ਸਨਮਾਨ ਲਈ ਆਵਾਜ਼ ਬੁਲੰਦ ਕਰੇਗਾ।

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਯਾਤਰਾ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਚੰਨੀ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਈਕਲ ਯਾਤਰਾ ਕੱਢੀ ਜਾ ਰਹੀ ਹੈ, ਪਰ ਸਵਾਲ ਇਹ ਹੈ ਕਿ ਦਲਿਤ ਸਮਾਜ ਦੀ ਜਵਾਨੀ ਨੂੰ ਕੌਣ ਸੰਭਾਲੇਗਾ? ਉਨ੍ਹਾਂ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਕਥਿਤ ਵਧਦੇ ਰੁਝਾਨ ਦਾ ਜ਼ਿਕਰ ਕਰਦਿਆਂ ਚੰਨੀ ਤੋਂ ਜਵਾਬ ਮੰਗਿਆ। ਉਨ੍ਹਾਂ 27 ਅਕਤੂਬਰ ਨੂੰ ਕਾਂਗਰਸ ਭਵਨ ਵਿੱਚ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਹੋਈ ਕਥਿਤ ਕੁੱਟਮਾਰ ਦਾ ਮਾਮਲਾ ਵੀ ਉਠਾਇਆ। ਗੜ੍ਹੀ ਨੇ ਦੋਸ਼ ਲਾਇਆ ਕਿ ਇਸ ਘਟਨਾ ਵਿੱਚ ਰੋਪੜ ਤੋਂ ਕਾਂਗਰਸ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦਾ ਨਾਮ ਸਾਹਮਣੇ ਆਇਆ ਸੀ, ਪਰ ਪਾਰਟੀ ਵੱਲੋਂ ਅੱਜ ਤੱਕ ਉਨ੍ਹਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਇਸ ਮਾਮਲੇ ਵਿੱਚ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।

ਗੜ੍ਹੀ ਨੇ ਚੰਨੀ ਦੇ ਉਸ ਬਿਆਨ ’ਤੇ ਵੀ ਇਤਰਾਜ਼ ਜਤਾਇਆ, ਜਿਸ ਵਿੱਚ ਕਥਿਤ ਤੌਰ ’ਤੇ ਉਨ੍ਹਾਂ ਕਿਹਾ ਸੀ ਕਿ ਰਣਜੀਤ ਸਿੰਘ ਤਰਖਾਣ ਮਾਜਰਾ ਚਾਰ ਥੱਪੜ ਕਿਉਂ ਨਹੀਂ ਮਾਰ ਸਕਿਆ। ਉਨ੍ਹਾਂ ਕਿਹਾ ਕਿ ਅਜਿਹੀ ਸੋਚ ਸਮਾਜ ਵਿੱਚ ਬਦਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਿੱਤੇ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਕਿਸੇ ਵੀ ਵਿਵਾਦ ਦਾ ਹੱਲ ਹਿੰਸਾ ਨਾਲ ਨਹੀਂ, ਸਗੋਂ ਕਾਨੂੰਨ ਅਤੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਚੰਨੀ ਖ਼ਿਲਾਫ਼ ਜਾਤੀਸੂਚਕ ਟਿੱਪਣੀਆਂ ਕੀਤੀਆਂ ਗਈਆਂ ਸਨ ਤਾਂ ਦਲਿਤ ਸਮਾਜ ਉਨ੍ਹਾਂ ਦੇ ਹੱਕ ਵਿੱਚ ਖੜ੍ਹਾ ਹੋਇਆ ਸੀ, ਪਰ ਅੱਜ ਜਦੋਂ ਦਲਿਤ ਸਮਾਜ ਦੇ ਸਨਮਾਨ ਦਾ ਸਵਾਲ ਹੈ ਤਾਂ ਚੰਨੀ ਦੀ ਚੁੱਪ ਸਮਝ ਤੋਂ ਬਾਹਰ ਹੈ। ਗੜ੍ਹੀ ਨੇ ਕਿਹਾ ਕਿ ਦਲਿਤ ਸਮਾਜ ਨੂੰ ਹੁਣ ਆਪਣੇ ਹੱਕਾਂ ਅਤੇ ਸਨਮਾਨ ਦੀ ਲੜਾਈ ਖ਼ੁਦ ਲੜਨ ਲਈ ਇਕਜੁੱਟ ਹੋਣਾ ਪਵੇਗਾ।

ਗੜ੍ਹੀ ਨੇ ਦੱਸਿਆ ਕਿ ਉਹ ਪਹਿਲਾਂ ਵੀ ਪ੍ਰੈੱਸ ਕਾਨਫਰੰਸਾਂ ਰਾਹੀਂ ਕਾਂਗਰਸ ਦੀ ਇਸ ਪਹੁੰਚ ’ਤੇ ਸਵਾਲ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਤੋਂ ਦਲਿਤ ਸਮਾਜ ਨੂੰ ਇਕਜੁੱਟ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਿੱਥੇ ਵੀ ਕਾਂਗਰਸ ਵੱਲੋਂ ਇਹ ਯਾਤਰਾ ਕੱਢੀ ਜਾਵੇਗੀ, ਉੱਥੇ ਦਲਿਤ ਸਮਾਜ ਆਪਣੇ ਹੱਕਾਂ ਅਤੇ ਸਨਮਾਨ ਲਈ ਆਵਾਜ਼ ਬੁਲੰਦ ਕਰੇਗਾ। ਇਸ ਤੋਂ ਇਲਾਵਾ ਗੜ੍ਹੀ ਨੇ ਸਾਈਕਲ ਯਾਤਰਾ ਲਈ ਖਰੀਦੇ ਗਏ ਸਾਈਕਲਾਂ ਦੀ ਕੀਮਤ ਅਤੇ ਉਨ੍ਹਾਂ ਲਈ ਵਰਤੇ ਗਏ ਫੰਡਾਂ ਦੇ ਸਰੋਤਾਂ ਬਾਰੇ ਵੀ ਸਵਾਲ ਚੁੱਕੇ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਪੂਰੀ ਜਾਣਕਾਰੀ ਜਨਤਕ ਕੀਤੀ ਜਾਵੇ। ਅੰਤ ਵਿੱਚ ਉਨ੍ਹਾਂ ਕਿਹਾ ਕਿ ਦਲਿਤ ਸਮਾਜ ਨੂੰ ਆਪਣੇ ਸਨਮਾਨ ਅਤੇ ਅਧਿਕਾਰਾਂ ਦੀ ਰਾਖੀ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here