
ਜਲਾਲਾਬਾਦ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਘਰ ਵਿੱਚ ਇਕੱਲੀ ਰਹਿ ਰਹੀ 80 ਸਾਲਾ ਬਜ਼ੁਰਗ ਔਰਤ ਦਾ ਲੁੱਟ-ਖੋਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਘਟਨਾ ਡੀਏਵੀ ਕਾਲਜ ਦੇ ਨਾਲ ਲੱਗਦੇ ਪਿੰਡ ਕੰਨਲਾਂ ਵਾਲੇ ਝੁੱਗੇ ਦੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀਆਂ ਨੇ ਰਾਤ ਸਮੇਂ ਘਰ ਵਿੱਚ ਦਾਖ਼ਲ ਹੋ ਕੇ ਕਰੀਬ 40 ਤੋਂ 50 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੀ ਮੁੰਦਰੀ ਅਤੇ ਹੋਰ ਗਹਿਣੇ ਲੁੱਟ ਲਏ। ਇਸ ਤੋਂ ਬਾਅਦ ਬਜ਼ੁਰਗ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੌਕੇ ਤੇ ਮੌਜੂਦ ਪਿੰਡ ਵਾਸੀਆਂ ਅਤੇ ਬਜ਼ੁਰਗ ਦੇ ਬੇਟੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਘਰ ਦੇ ਵਿੱਚ ਇਕੱਲੇ ਰਹਿੰਦੀ ਸੀ ਅਤੇ ਉਸਦੇ ਕੋਲੇ 40 ਤੋਂ 50 ਹਜਾਰ ਰੁਪਏ ਦੀ ਨਗਦੀ ਸੋਨੇ ਦੀ ਮੁੰਦੀ ਅਤੇ ਹੋਰ ਕਈ ਗਹਿਣੇ ਸਨ ਜਿਨਾਂ ਨੂੰ ਕਿ ਰਾਤ ਨੂੰ ਲੁੱਟ ਲਿਆ ਗਿਆ ਅਤੇ ਉਸ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਦੇ ਵੱਲੋਂ ਮ੍ਰਿਤਕ ਔਰਤ ਦੀ ਡੈਡ ਬਾਡੀ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ। ਅਤੇ ਪੋਸਟਮਾਰਟਮ ਦੇ ਲਈ ਫਾਜ਼ਿਲਕਾ ਪਜਵਾ ਦਿੱਤੀ ਗਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਆਰੋਪੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ। ਪਿੰਡ ਵਾਸੀਆਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਨਸ਼ਾ ਬਹੁਤ ਜਿਆਦੇ ਵਿਕਦਾ ਅਤੇ ਆਊਟਸਾਈਡਰ ਮੋਟਰਸਾਈਕਲਾਂ ਤੇ ਲਗਾਤਾਰ ਪਿੰਡ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਉਹਨਾਂ ਨੇ ਕਿਹਾ ਕਿ ਇਸ ਪਿੰਡ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਨਸ਼ਾ ਵਿਕਦਾ ਅਤੇ ਨਸ਼ੇੜੀਆਂ ਦੇ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਪਦਾ ਹੈ।

