ਭਾਜਪਾ ’ਤੇ ਵਰ੍ਹੇ ਵਿਧਾਇਕ ਕੁਲਦੀਪ ਧਾਲੀਵਾਲ/ ਕਬਾੜਖਾਨਾ ਬਣਨ ਦਾ ਦਾਅਵਾ/ਕਿਹਾ, 100 ਸੀਟਾਂ ਜਿੱਤ ਕੇ ਮੁੜ ਸਰਕਾਰ ਬਣਾਏਗੀ ਆਮ ਆਦਮੀ ਪਾਰਟੀ

0
4

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਰੋਧੀ ਪਾਰਟੀਆਂ, ਖ਼ਾਸ ਕਰਕੇ ਭਾਜਪਾ ਅਤੇ ਕਾਂਗਰਸ ‘ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ‘ਤੇ ਨਿਸ਼ਾਨਾ ਸਾਧਦਿਆਂ ਧਾਲੀਵਾਲ ਨੇ ਭਾਜਪਾ ਨੂੰ ‘ਕਬਾੜਖ਼ਾਨਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਗ਼ਲਤ ਕੰਮਾਂ ਵਿੱਚ ਸ਼ਾਮਲ ਲੋਕਾਂ ਲਈ ਆਮ ਆਦਮੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ। ਅੰਮ੍ਰਿਤਸਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਅਤੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਅਤੇ ਸਿਆਸਤ ਵਿੱਚ ਬਦਲਾਅ ਲਿਆਉਣ ਦੇ ਉਦੇਸ਼ ਨਾਲ ਬਣੀ ਸੀ।
ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਸ਼ੁਰੂ ਤੋਂ ਹੀ ਸਪੱਸ਼ਟ ਕੀਤਾ ਹੈ ਕਿ ਭ੍ਰਿਸ਼ਟਾਚਾਰ ਜਾਂ ਗ਼ਲਤ ਕੰਮਾਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਾਰਟੀ ਬਦਲਾਅ ਵਾਸਤੇ ਆਈ ਹੈ… ਜਿਸ ਬੰਦੇ ਨੇ ਵੀ ਕਰੱਪਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੇ ਵੀ ਕੋਈ ਗ਼ਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਪਾਰਟੀ ਉਹਦੇ ਖ਼ਿਲਾਫ਼ ਸਖ਼ਤ ਐਕਸ਼ਨ ਲਵੇਗੀ। ਜਿਹੜੇ ਬੰਦੇ ਕੁਰਸੀ ਦੇ ਭੁੱਖੇ ਨੇ, ਉਨ੍ਹਾਂ ਦਾ ਇਸ ਪਾਰਟੀ ‘ਚ ਚੱਲਣਾ ਔਖਾ ਹੈ।
ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਆਪਣਾ ਕੋਈ ਸਿਆਸੀ ਆਧਾਰ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੂਜੀਆਂ ਪਾਰਟੀਆਂ ਦੇ ਦਾਗ਼ੀ ਅਤੇ ਰੱਦ ਕੀਤੇ ਆਗੂਆਂ ਨੂੰ ਆਪਣੇ ਵਿੱਚ ਸ਼ਾਮਲ ਕਰਕੇ ਆਪਣੀ ਸਿਆਸੀ ਹੋਂਦ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੀਜੇਪੀ ਦਾ ਪੰਜਾਬ ਦੇ ਅੰਦਰ ਕੋਈ ਆਧਾਰ ਨਹੀਂ ਹੈ। ਦੂਜੀਆਂ ਪਾਰਟੀਆਂ ਦਾ ਮਾਲ-ਮੱਤਾ ਇਕੱਠਾ ਕਰਕੇ ਬੀਜੇਪੀ ਨੂੰ ਇੱਕ ਕਬਾੜਖ਼ਾਨਾ ਬਣਾ ਦਿੱਤਾ ਹੈ। ਜਿਨ੍ਹਾਂ ‘ਤੇ ਪਰਚੇ ਦਰਜ ਹੋਏ, ਜਿਨ੍ਹਾਂ ਨੇ ਪੁਲਿਸ ‘ਤੇ ਫ਼ਾਇਰਿੰਗ ਕੀਤੀ, ਉਨ੍ਹਾਂ ਨੂੰ ਭਾਜਪਾ ਆਪਣੇ ਵੱਲ ਖਿੱਚ ਰਹੀ ਹੈ।
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ‘ਤੇ ਹਮਲਾ ਕਰਦਿਆਂ ਧਾਲੀਵਾਲ ਨੇ ਉਨ੍ਹਾਂ ਨੂੰ ਪੰਜਾਬ ਦਾ ਸਭ ਤੋਂ ਵੱਧ ਝੂਠ ਬੋਲਣ ਵਾਲਾ ਆਗੂ ਦੱਸਿਆ। ਉਨ੍ਹਾਂ ਕਿਹਾ ਕਿ ਬਾਜਵਾ ਵਿਧਾਨ ਸਭਾ ਵਿੱਚ ਪੰਜਾਬ ਦੇ ਲੋਕਾਂ ਦੇ ਮੁੱਦੇ ਚੁੱਕਣ ਦੀ ਬਜਾਏ ਬੇਤੁਕੇ ਬਿਆਨਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿੰਨਾ ਪੂਰੀ ਪੰਜਾਬ ਕਾਂਗਰਸ ਝੂਠ ਬੋਲਦੀ ਹੈ, ਓਨਾ ਇਕੱਲਾ ਪ੍ਰਤਾਪ ਬਾਜਵਾ ਝੂਠ ਬੋਲਦਾ ਹੈ। ਉਹ ਪੜ੍ਹਿਆ-ਲਿਖਿਆ ਹੋ ਕੇ ਝੂਠ ਬੋਲਦਾ ਹੈ। ਕਦੇ ਕਹਿੰਦਾ ਐਮ.ਐਲ.ਏ. ਮੇਰੇ ਸੰਪਰਕ ‘ਚ ਨੇ, ਕਦੇ ਕਹਿੰਦਾ ਸਰਕਾਰ ਡਿੱਗ ਜਾਵੇਗੀ। ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹਨ।
ਧਾਲੀਵਾਲ ਨੇ 1984 ਦੇ ਸਿੱਖ ਕਤਲੇਆਮ ਅਤੇ ਪੰਜਾਬ ਡੇਅ ਦੇ ਹਵਾਲੇ ਨਾਲ ਕਾਂਗਰਸ ਅਤੇ ਰਾਹੁਲ ਗਾਂਧੀ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਅਤੇ ਸਿੱਖਾਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 100 ਤੋਂ ਵੱਧ ਸੀਟਾਂ ਜਿੱਤ ਕੇ ਮੁੜ ਸਰਕਾਰ ਬਣਾਏਗੀ।

LEAVE A REPLY

Please enter your comment!
Please enter your name here