ਮਲੋਟ ਮੰਡੀ ਅੰਦਰ ਮੀਂਹ ਤੇ ਗੜੇਮਾਰੀ ਦੀ ਮਾਰ/ ਮੰਡੀ ’ਚ ਖੜ੍ਹਾ ਪਾਣੀ, ਖ਼ਰੀਦ ’ਚ ਦੇਰੀ ਦਾ ਖ਼ਦਸ਼ਾ/ ਕਿਸਾਨਾਂ ਨੇ ਪ੍ਰਬੰਧਾਂ ਦੀ ਘਾਟ ’ਤੇ ਚੁੱਕੇ ਸਵਾਲ

0
2

ਬੀਤੀ ਰਾਤ ਪਏ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਗੱਲ ਜੇਕਰ ਮੁਕਤਸਰ ਜ਼ਿਲ੍ਹੇ ਦੀ ਕੀਤੀ ਜਾਵੇ ਤਾਂ ਇੱਥੇ ਲੰਬੀ ਹਲਕੇ ਦੇ ਕਈ ਪਿੰਡਾਂ ਵਿੱਚ ਹੋਈ ਗੜੇਮਾਰੀ ਅਤੇ ਬਾਰਿਸ਼ ਕਾਰਨ ਜਿੱਥੇ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ, ਉੱਥੇ ਅਨਾਜ ਮੰਡੀਆਂ ਵਿੱਚ ਵੀ ਝੋਨਾ ਭਿੱਜਣ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਮਲੋਟ ਦੀ ਅਨਾਜ ਮੰਡੀ ਵਿੱਚ ਪਾਣੀ ਦੀ ਨਿਕਾਸੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਲੈ ਕੇ ਕਿਸਾਨਾਂ ਨੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਹਨ।
ਜਾਣਕਾਰੀ ਅਨੁਸਾਰ ਮਲੋਟ ਦੀ ਅਨਾਜ ਮੰਡੀ ਵਿੱਚ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਮੰਡੀ ਵਿੱਚ ਪਾਣੀ ਖੜ੍ਹ ਗਿਆ ਸੀ ਅਤੇ ਕਿਸਾਨਾਂ ਦੇ ਝੋਨੇ ਨੂੰ ਨੁਕਸਾਨ ਝੱਲਣਾ ਪਿਆ ਸੀ। ਪਰ ਹੁਣ ਇੱਕ ਵਾਰ ਫਿਰ ਹੋਈ ਬਾਰਿਸ਼ ਅਤੇ ਮਲੋਟ ਤੇ ਲੰਬੀ ਹਲਕੇ ਦੇ ਕਈ ਪਿੰਡਾਂ ਵਿੱਚ ਗੜੇਮਾਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੰਡੀ ਵਿੱਚ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਝੋਨਾ ਭਿੱਜ ਰਿਹਾ ਹੈ। ਇਸ ਕਾਰਨ ਫ਼ਸਲ ਸੁੱਕਣ ਅਤੇ ਵਿਕਣ ਵਿੱਚ ਦੇਰੀ ਹੋ ਸਕਦੀ ਹੈ।
ਕਿਸਾਨਾਂ ਨੇ ਇਹ ਖ਼ਦਸ਼ਾ ਵੀ ਜਤਾਇਆ ਕਿ ਝੋਨੇ ਵਿੱਚ ਨਮੀ ਵਧਣ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਕਿਸਾਨਾਂ ਮੁਤਾਬਕ, ਸਰਕਾਰੀ ਮਾਪਦੰਡਾਂ ਅਨੁਸਾਰ ਝੋਨੇ ਵਿੱਚ ਨਮੀ ਦੀ ਮਾਤਰਾ 17 ਫ਼ੀਸਦੀ ਤੱਕ ਹੋਣੀ ਚਾਹੀਦੀ ਹੈ, ਜਦਕਿ ਇਸ ਤੋਂ ਵੱਧ ਨਮੀ ਹੋਣ ’ਤੇ ਖ਼ਰੀਦ ਦੌਰਾਨ ਕਟੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਨੇ ਮੰਡੀ ਵਿੱਚ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਮੁੱਦਾ ਵੀ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਖਾਨੇ ਬੰਦ ਪਏ ਹਨ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਵੀ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਲਈ ਸੇਮ ਨਾਲੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਮੰਡੀ ਵਿੱਚ ਝੋਨੇ ਦੀ ਖ਼ਰੀਦ ਤੇ ਕਿਸਾਨਾਂ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ।

LEAVE A REPLY

Please enter your comment!
Please enter your name here