ਨਾਭਾ ਦੇ ਵਿਧਾਇਕ ਦੇਵ ਮਾਨ ਦਾ ਨਸ਼ਿਆਂ ਖਿਲਾਫ ਐਕਸ਼ਨ/ ਦੋ ਵਿਅਕਤੀਆਂ ਨੂੰ ਫੜ ਕੇ ਕੀਤਾ ਪੁਲਿਸ ਹਵਾਲੇ/ ਵਿਧਾਇਕ ਦੇ ਉਪਰਾਲੇ ਦੀ ਲੋਕ ਕਰ ਰਹੇ ਸ਼ਲਾਘਾ

0
2

ਨਾਭਾ ਦੇ ਵਿਧਾਇਕ ਦੇਵ ਮਾਨ ਨੇ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਬੀਤੀ ਦੇਰ ਰਾਤ ਬਲਦੇਵ ਕਲੋਨੀ ਵਿੱਚ ਛਾਪੇਮਾਰੀ ਕਰਕੇ ਦੋ ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕਰਵਾਇਆ। ਦੋਸ਼ ਹੈ ਕਿ ਮੈਡੀਕਲ ਸਟੋਰ ਦਾ ਮਾਲਕ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਨੇੜੇ ਹੀ ਇੱਕ ਹੇਅਰ ਡਰੈਸਰ ਦੀ ਦੁਕਾਨ ’ਤੇ ਰੱਖਦਾ ਸੀ, ਜਿੱਥੋਂ ਨੌਜਵਾਨਾਂ ਨੂੰ ਸਪਲਾਈ ਕੀਤੇ ਜਾਂਦੇ ਸਨ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਲੜਨ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਨਾਭਾ ਹਲਕੇ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਉਨ੍ਹਾਂ ਦਾ ਟੀਚਾ ਹੈ ਅਤੇ ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਇੱਥੇ ਨਸ਼ਾ ਤਸਕਰਾਂ ਨੇ ਕਾਨੂੰਨ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਨਵਾਂ ਤਰੀਕਾ ਅਪਣਾਇਆ ਹੋਇਆ ਸੀ। ਮੈਡੀਕਲ ਦੁਕਾਨ ਦਾ ਮਾਲਕ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਲੁਕਾ ਕੇ ਨੇੜੇ ਹੀ ਮੌਜੂਦ ਇੱਕ ਹੇਅਰ ਡਰੈਸਰ ਦੀ ਦੁਕਾਨ ‘ਤੇ ਰੱਖਦਾ ਸੀ। ਹੇਅਰ ਡਰੈਸਰ ਆਪਣੀ ਦੁਕਾਨ ਦੀ ਆੜ ਵਿੱਚ ਇਨ੍ਹਾਂ ਨਸ਼ੀਲੇ ਕੈਪਸੂਲਾਂ ਨੂੰ ਨੌਜਵਾਨਾਂ ਤੱਕ ਸਪਲਾਈ ਕਰਦਾ ਸੀ। ਵਿਧਾਇਕ ਦੇਵ ਮਾਨ ਨੂੰ ਜਿਵੇਂ ਹੀ ਇਸ ਗੈਰ-ਕਾਨੂੰਨੀ ਧੰਦੇ ਦੀ ਸੂਚਨਾ ਮਿਲੀ, ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਪਾਰਟੀ ਸਮੇਤ ਛਾਪੇਮਾਰੀ ਕੀਤੀ ਅਤੇ ਦੋਵਾਂ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਵਾ ਦਿੱਤਾ।
ਵਿਧਾਇਕ ਦੇਵ ਮਾਨ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਵਿਰੁੱਧ ਜੰਗ ਲੜਦਿਆਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੂੰ ਅਜਿਹਾ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਨਸ਼ੇ ਵਿਰੁੱਧ ਜੰਗ ਲੜਦੇ-ਲੜਦੇ ਸ਼ਹੀਦੀ ਪਾ ਗਿਆ ਅਤੇ ਇੱਕ ਦੀਵਾ ਜਗਾ ਗਿਆ, ਪਰ ਇਹ ਦੀਵਾ ਹੁਣ ਅਸੀਂ ਬੁਝਣ ਨਹੀਂ ਦੇਣਾ। ਨਾਭਾ ਹਲਕੇ ਵਿੱਚੋਂ ਨਸ਼ਾ ਬਿਲਕੁਲ ਖ਼ਤਮ ਕਰਕੇ ਹੀ ਸਾਹ ਲਵਾਂਗਾ। ਉਹਨਾਂ ਕਿਹਾ ਕਿ ਅੱਗੋ ਨਸ਼ਾ ਦੇਣ ਲਈ ਕੁੜੀਆਂ ਚੰਡੀਗੜ੍ਹ ਤੋਂ ਆਉਂਦੀਆਂ ਹਨ ਅਤੇ ਉਹਨਾਂ ਦਾ ਟਰੈਪ ਵੀ ਅਸੀਂ ਲਗਾਇਆ ਹੋਇਆ ਉਹ ਵੀ ਛੇਤੀ ਕਾਬੂ ਆ ਜਾਣਗੀਆਂ। ਸ਼ਹਿਰ ਨਿਵਾਸੀ ਵੱਲੋਂ ਵਿਧਾਇਕ ਦੇਵ ਮਾਨ ਦੇ ਇਸ ਛਾਪੇ ਦੀ ਸ਼ਲਾਘਾ ਹੋ ਰਹੀ ਹੈ। ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਵਿਧਾਇਕ ਨੇ ਖ਼ੁਦ ਅੱਗੇ ਆ ਕੇ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਲਾਕੇ ਦੇ ਲੋਕਾਂ ਨੂੰ ਉਮੀਦ ਹੈ ਕਿ ਅਜਿਹੇ ਸਖ਼ਤ ਕਦਮਾਂ ਨਾਲ ਨਾਭੇ ਵਿੱਚੋਂ ਨਸ਼ੇ ਦਾ ਮੁਕੰਮਲ ਸਫ਼ਾਇਆ ਹੋ ਸਕੇਗਾ।

LEAVE A REPLY

Please enter your comment!
Please enter your name here