ਬਰਨਾਲਾ ਪੁਲਿਸ ਦੀ ਨੌਜਵਾਨ ਕਤਲ ਮਾਮਲੇ ’ਚ ਕਾਰਵਾਈ/ 6 ਮੁਲਜ਼ਦਾਂ ਦੀ ਪਛਾਣ, 4 ਗ੍ਰਿਫ਼ਤਾਰ/ ਕਤਲ ਬਾਅਦ ਨਹਿਰ ’ਚ ਸੁੱਟੀ ਸੀ ਲਾਸ਼

0
1

ਬਰਨਾਲਾ ਵਿੱਚ ਨੌਜਵਾਨ ਗੁਰਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 6 ਮੁਲਜ਼ਮਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ 2 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਮੁਤਾਬਕ, ਗੁਰਦੀਪ ਸਿੰਘ ਦੀ ਲਾਸ਼ ਸਹਿਣੇ ਨਹਿਰ ਵਿੱਚੋਂ ਬਰਾਮਦ ਹੋਈ ਸੀ। ਮੁੱਢਲੀ ਜਾਂਚ ਵਿੱਚ ਕਤਲ ਪਿੱਛੇ ਪਰਿਵਾਰਕ ਰਿਸ਼ਤਿਆਂ ਨਾਲ ਜੁੜਿਆ ਵਿਵਾਦ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਦੋ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ 17 ਅਕਤੂਬਰ 2026 ਨੂੰ ਥਾਣਾ ਸਿਟੀ ਬਰਨਾਲਾ ਨੂੰ ਸੂਚਨਾ ਮਿਲੀ ਸੀ ਕਿ ਗੁਰਦੀਪ ਸਿੰਘ ਪੁੱਤਰ ਰਾਜ ਸਿੰਘ, ਵਾਸੀ ਭੈਣੀ ਪੱਤੀ ਸੇਖਾ, ਜੋ ਏਕਤਾ ਨਸ਼ਾ ਛੁਡਾਊ ਕੇਂਦਰ ਵਿੱਚ ਨਿੱਜੀ ਤੌਰ ’ਤੇ ਨੌਕਰੀ ਕਰਦਾ ਸੀ, 16 ਅਕਤੂਬਰ ਨੂੰ ਡਿਊਟੀ ’ਤੇ ਜਾਣ ਤੋਂ ਬਾਅਦ ਘਰ ਵਾਪਸ ਨਹੀਂ ਪਰਤਿਆ। ਇਸ ਤੋਂ ਬਾਅਦ ਉਸ ਦੇ ਪਿਤਾ ਰਾਜ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਟੀ ਬਰਨਾਲਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸਐਸਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ।
ਇਨ੍ਹਾਂ ਟੀਮਾਂ ਨੇ ਸੀਟੀ-1, ਸੀਟੀ-2 ਅਤੇ ਸਾਈਬਰ ਸੈੱਲ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ। ਸੀਸੀਟੀਵੀ ਕੈਮਰਿਆਂ ਦੀ ਜਾਂਚ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕੀਤੀ। ਐਸਪੀ ਰਾਜਿੰਦਰ ਪਾਲ ਸਿੰਘ ਮੁਤਾਬਕ ਜਾਂਚ ਦੌਰਾਨ ਜਗਦੇਵ ਸਿੰਘ ਉਰਫ਼ ਦੇਬੀ, ਪਰਮਿੰਦਰ ਸਿੰਘ ਅਤੇ ਨਿਸ਼ੂ ਸਿੰਘ ਸਮੇਤ ਹੋਰ ਵਿਅਕਤੀਆਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਪੁਲਿਸ ਨੇ ਕੁੱਲ 6 ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਉਣ ਦੀ ਗੱਲ ਕਹੀ ਹੈ, ਜਿਨ੍ਹਾਂ ਵਿੱਚੋਂ 4 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਜਗਦੇਵ ਸਿੰਘ ਉਰਫ਼ ਦੇਬੀ, ਮ੍ਰਿਤਕ ਦੀ ਸਕੀ ਭੂਆ ਪੁੱਤਰ ਸੀ। ਪੁਲਿਸ ਦਾ ਦਾਅਵਾ ਹੈ ਕਿ ਮੁੱਖ ਮੁਲਜ਼ਮ ਦੇ ਮ੍ਰਿਤਕ ਦੀ ਭਰਜਾਈ ਨਾਲ ਕਥਿਤ ਨਾਜਾਇਜ਼ ਸਬੰਧ ਸਨ ਅਤੇ ਗੁਰਦੀਪ ਸਿੰਘ ਇਸ ਦਾ ਵਿਰੋਧ ਕਰਦਾ ਸੀ। ਇਸੇ ਰੰਜਿਸ਼ ਕਾਰਨ ਕਤਲ ਕੀਤੇ ਜਾਣ ਦਾ ਸ਼ੱਕ ਹੈ। ਹਾਲਾਂਕਿ, ਇਸ ਸਬੰਧੀ ਜਾਂਚ ਜਾਰੀ ਹੈ। ਡੀਐਸਪੀ ਨੇ ਦੱਸਿਆ ਕਿ ਪੁਲਿਸ ਦੀ ਜਾਂਚ ਮੁਤਾਬਕ ਗੁਰਦੀਪ ਸਿੰਘ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ।
ਪੁਲਿਸ ਨੇ ਇਹ ਵੀ ਦੱਸਿਆ ਕਿ ਮੁੱਖ ਮੁਲਜ਼ਮ ਨੇ ਆਪਣੇ ਜਾਣਕਾਰਾਂ ਨੂੰ ਇਸ ਮਾਮਲੇ ਵਿੱਚ ਨਾਲ ਜੋੜਿਆ ਸੀ ਅਤੇ ਉਨ੍ਹਾਂ ਨੂੰ ਪੈਸੇ ਦੇਣ ਸਬੰਧੀ ਹੁਣ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਮਾਮਲੇ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਸਕੇ। ਦੋ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਡੀਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਇੱਕ ਜਸ਼ਨਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਮਾਮਲੇ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ, ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮ੍ਰਿਤਕ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਕਾਰਨ ਤਾਂ ਕੋਈ ਰੰਜਿਸ਼ ਨਹੀਂ ਸੀ।
ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਇਸ ਸਬੰਧੀ ਕੋਈ ਤੱਥ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ। ਡੀਐਸਪੀ ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਮਾਮਲੇ ਨੂੰ ਸੁਲਝਾਉਣ ਲਈ ਦਿਨ-ਰਾਤ ਮਿਹਨਤ ਕੀਤੀ ਅਤੇ ਤਕਨੀਕੀ ਸਬੂਤਾਂ ਦੀ ਮਦਦ ਨਾਲ ਮੁਲਜ਼ਮਾਂ ਤੱਕ ਪਹੁੰਚ ਕੀਤੀ। ਫ਼ਿਲਹਾਲ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here