ਰੂਪਨਗਰ ’ਚ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਦਾ ਮੁੱਦਾ ਗਰਮਾਇਆ/ ਮੁਹੱਲਾ ਵਾਸੀਆਂ ਨੇ ਕਾਲਜਾਂ ਨੇੜੇ ਕੇਂਦਰ ਖੋਲ੍ਹਣ ਦਾ ਵਿਰੋਧ/ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

0
3

ਰੂਪਨਗਰ ਦੇ ਰਾਮਬਾਗ ਇਲਾਕੇ ਵਿੱਚ ਕਾਲਜ ਰੋਡ ’ਤੇ ਪ੍ਰਸਤਾਵਿਤ ਨਿੱਜੀ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਮੁਹੱਲਾ ਵਾਸੀਆਂ ਨੇ ਇਸ ਦਾ ਵਿਰੋਧ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਅਤੇ ਕੇਂਦਰ ਖੋਲ੍ਹਣ ਦੀ ਇਜਾਜ਼ਤ ਨਾ ਦੇਣ ਦੀ ਮੰਗ ਕੀਤੀ। ਲੋਕਾਂ ਮੁਤਾਬਕ ਨੇੜੇ ਸਰਕਾਰੀ ਕਾਲਜ ਅਤੇ ਲੜਕੀਆਂ ਦਾ ਪੌਲੀਟੈਕਨਿਕ ਕਾਲਜ ਹੋਣ ਕਾਰਨ ਵਿਦਿਆਰਥੀਆਂ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ, ਇਸ ਲਈ ਇੱਥੇ ਕੇਂਦਰ ਨਹੀਂ ਬਣਨਾ ਚਾਹੀਦਾ। ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਕਿਹਾ ਕਿ ਕੇਂਦਰ ਖੋਲ੍ਹਣ ਸਬੰਧੀ ਨਿਰਧਾਰਤ ਨਿਯਮਾਂ ਦੀ ਜਾਂਚ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਪਹੁੰਚੇ ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਪ੍ਰਸਤਾਵਿਤ ਨਸ਼ਾ ਛੁਡਾਊ ਕੇਂਦਰ ਦੇ ਨੇੜੇ ਹੀ ਸਰਕਾਰੀ ਕਾਲਜ ਰੂਪਨਗਰ ਸਥਿਤ ਹੈ, ਜਦਕਿ ਦੂਜੇ ਪਾਸੇ ਲੜਕੀਆਂ ਦਾ ਪੌਲੀਟੈਕਨਿਕ ਕਾਲਜ ਵੀ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਵਿੱਦਿਅਕ ਸੰਸਥਾਵਾਂ ਦੇ ਨੇੜੇ ਅਜਿਹਾ ਕੇਂਦਰ ਖੋਲ੍ਹਣ ਨਾਲ ਵਿਦਿਆਰਥੀਆਂ ਅਤੇ ਨੌਜਵਾਨਾਂ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਹੱਲਾ ਵਾਸੀਆਂ ਦੇ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਕੇਂਦਰ ਖੋਲ੍ਹਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇੱਥੇ ਕੇਂਦਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਹ ਇਸ ਦੇ ਵਿਰੋਧ ਵਿੱਚ ਤਿੱਖਾ ਸੰਘਰਸ਼ ਕਰਨਗੇ।
ਦੂਜੇ ਪਾਸੇ ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਦਾ ਕਹਿਣਾ ਸੀ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਲਈ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਲਾਜ਼ਮੀ ਹੈ। ਵਿਭਾਗ ਦੀ ਟੀਮ ਵੱਲੋਂ ਪਹਿਲਾਂ ਮੌਕੇ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਯਮਾਂ ਅਤੇ ਨਿਰਧਾਰਤ ਪ੍ਰਕਿਰਿਆ ਦੀ ਜਾਂਚ ਕਰਨ ਤੋਂ ਬਾਅਦ ਹੀ ਇਜਾਜ਼ਤ ਦੇਣ ਸਬੰਧੀ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੁਹੱਲਾ ਵਾਸੀ ਨੂੰ ਕੋਈ ਇਤਰਾਜ਼ ਹੈ ਤਾਂ ਉਹ ਸਿਵਲ ਸਰਜਨ ਦਫ਼ਤਰ ਆ ਕੇ ਆਪਣੀ ਗੱਲ ਰੱਖ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।

LEAVE A REPLY

Please enter your comment!
Please enter your name here