ਪੰਜਾਬ ਜਲੰਧਰ ’ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀ ਗੋਲੀ/ ਇਕ ਔਰਤ ਦੀ ਮੌਤ, 2 ਜ਼ਖ਼ਮੀ/ ਪਿੰਡ ਢੱਡਾ ਦੀ ਘਟਨਾ, ਪੁਲਿਸ ਕਰ ਰਹੀ ਜਾਂਚ By admin - October 12, 2026 0 2 Facebook Twitter Pinterest WhatsApp ਜਲੰਧਰ ਦੇ ਪਿੰਡ ਢੱਡਾ ਵਿੱਚ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਬੱਚੇ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀਆਂ ਚੱਲ ਗਈਆਂ। ਇਸ ਗੋਲੀਬਾਰੀ ਨਾਲ 42 ਸਾਲਾ ਅਮਨਦੀਪ ਕੌਰ ਦੀ ਮੌਤ ਹੋ ਗਈ, ਜਦਕਿ ਇੱਕ ਬੱਚਾ ਅਤੇ ਇੱਕ ਫੋਟੋਗ੍ਰਾਫਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਾਰਟੀ ਦੌਰਾਨ ਨੱਚਦੇ ਸਮੇਂ ਇੱਕ ਵਿਅਕਤੀ ਨੇ ਗੋਲੀ ਚਲਾ ਦਿੱਤੀ, ਜਿਸ ਦੀ ਲਪੇਟ ਵਿੱਚ ਤਿੰਨ ਜਣੇ ਆ ਗਏ। ਘਟਨਾ ਤੋਂ ਬਾਅਦ ਪਾਰਟੀ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਪਤਾਰਾ ਥਾਣੇ ਦੀ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਪਛਾਣ ਅਮਨਦੀਪ ਕੌਰ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਾਰਟੀ ਵਿੱਚ ਹਫ਼ੜਾ-ਦਫ਼ੜੀ ਮਚ ਗਈ ਅਤੇ ਖੁਸ਼ੀਆਂ ਦਾ ਮਾਹੌਲ ਸੋਗ ਵਿੱਚ ਬਦਲ ਗਿਆ। ਜਾਣਕਾਰੀ ਅਨੁਸਾਰ, ਪਿੰਡ ਢੱਡਾ ਦੇ ਵਸਨੀਕ ਮੋਤਾ ਸਿੰਘ ਦੀ ਧੀ ਜਰਮਨੀ ਵਿੱਚ ਰਹਿੰਦੀ ਹੈ। ਉਸ ਨੇ ਹਾਲ ਹੀ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ ਅਤੇ ਉਹ ਆਪਣੇ ਬੱਚੇ ਨਾਲ ਪਿੰਡ ਵਾਪਸ ਆਈ ਹੋਈ ਸੀ। ਬੱਚੇ ਦੇ ਜਨਮਦਿਨ ਦੀ ਖੁਸ਼ੀ ਵਿੱਚ ਮੋਤਾ ਸਿੰਘ ਵੱਲੋਂ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ। ਪਾਰਟੀ ਦੌਰਾਨ ਮੋਤਾ ਸਿੰਘ ਦੇ ਜਵਾਈ ਦਾ ਮਾਮਾ ਨੱਚ ਰਿਹਾ ਸੀ। ਇਸੇ ਦੌਰਾਨ ਉਸ ਵੱਲੋਂ ਗੋਲੀ ਚਲਾ ਦਿੱਤੀ ਗਈ। ਗੋਲੀਬਾਰੀ ਦੀ ਲਪੇਟ ਵਿੱਚ ਅਮਨਦੀਪ ਕੌਰ, ਇੱਕ ਬੱਚਾ ਅਤੇ ਇੱਕ ਹੋਰ ਵਿਅਕਤੀ ਆ ਗਏ। ਗੋਲੀ ਲੱਗਣ ਕਾਰਨ ਅਮਨਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਜਣੇ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਚੀਕ-ਚਿਹਾੜਾ ਮਚ ਗਿਆ। ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ’ਤੇ ਥਾਣਾ ਪਤਾਰਾ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮੌਕੇ ’ਤੇ ਪਹੁੰਚੇ ਥਾਣਾ ਪਤਾਰਾ ਦੇ ਐੱਸਐੱਚਓ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕੰਟਰੋਲ ਰੂਮ ਰਾਹੀਂ ਸੂਚਨਾ ਮਿਲੀ ਸੀ ਕਿ ਪਿੰਡ ਢੱਡਾ ਵਿੱਚ ਜਨਮਦਿਨ ਦੀ ਪਾਰਟੀ ਦੌਰਾਨ ਗੋਲੀ ਲੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਖੁਸ਼ੀ ਦੇ ਸਮਾਗਮਾਂ ਦੌਰਾਨ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।