ਪੰਜਾਬ ਅੰਮ੍ਰਿਤਸਰ ਖਾਲਸਾ ਕਾਲਜ ਵਿਖੇ ਖੇਡ ਪ੍ਰੋਗਰਾਮ ਦਾ ਆਯੋਜਨ/ ਫਿਟ ਇੰਡੀਆ ਫਿਟ ਪੰਜਾਬ ਮੁਹਿੰਮ ਤਹਿਤ ਕਰਵਾਇਆ ਸਮਾਗਮ/ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਣ ਦਾ ਦਿੱਤਾ ਸੁਨੇਹਾ By admin - October 12, 2026 0 2 Facebook Twitter Pinterest WhatsApp ‘ਫਿਟ ਇੰਡੀਆ’ ਅਤੇ ‘ਫਿਟ ਪੰਜਾਬ’ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਖਾਲਸਾ ਕਾਲਜ ਅਤੇ ਖਾਲਸਾ ਯੂਨੀਵਰਸਿਟੀ ਵਿਖੇ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਖੇਡ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਸੀ। ਪ੍ਰੋਗਰਾਮ ਵਿੱਚ ਹਾਕੀ ਦੇ ਸਾਬਕਾ ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ, ਅਰਜੁਨ ਐਵਾਰਡ ਜੇਤੂ ਸੁਮਨ ਬਾਲਾ ਅਤੇ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਤੇ ਜੁਗਰਾਜ ਸਿੰਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਖਿਡਾਰੀਆਂ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦਿਆਂ ਪੰਜਾਬ ਵਿੱਚ ਐਸਟਰੋਟਰਫ਼ ਮੈਦਾਨ ਬਣਾਉਣ, ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖਿਡਾਰੀਆਂ ਲਈ ਪ੍ਰੋਤਸਾਹਨ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ਦੌਰਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਬਹੁਤ ਸਾਰੇ ਮਹਾਨ ਖਿਡਾਰੀ ਦਿੱਤੇ ਹਨ। ਇਸ ਸਮਾਗਮ ਵਿੱਚ ਭਾਰਤੀ ਹਾਕੀ ਦੇ ਸਾਬਕਾ ਦਿੱਗਜ ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਅਤੇ ਅਰਜੁਨ ਐਵਾਰਡ ਜੇਤੂ ਮੈਡਮ ਸੁਮਨ ਬਾਲਾ ਤੋਂ ਇਲਾਵਾ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਪਰਤੇ ਭਾਰਤੀ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਅਤੇ ਜੁਗਰਾਜ ਸਿੰਘ ਵੀ ਸ਼ਾਮਲ ਹੋਏ। ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਪੁਰਾਣੇ ਦਿੱਗਜਾਂ ਅਤੇ ਮੌਜੂਦਾ ਸਟਾਰ ਖਿਡਾਰੀਆਂ ਦਾ ਇੱਕੋ ਮੰਚ ’ਤੇ ਇਕੱਠੇ ਹੋਣਾ ਨੌਜਵਾਨ ਖਿਡਾਰੀਆਂ ਲਈ ਵੱਡੀ ਪ੍ਰੇਰਣਾ ਹੈ। ਖਾਲਸਾ ਕਾਲਜ ਦੇ ਖੇਡ ਮੈਦਾਨਾਂ ਨੇ ਦੇਸ਼ ਨੂੰ ਕਈ ਨਾਮਵਰ ਖਿਡਾਰੀ ਦਿੱਤੇ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਸਮਾਗਮਾਂ ਦਾ ਸਵਾਗਤ ਕੀਤਾ ਜਾਵੇਗਾ। ਭਾਰਤੀ ਹਾਕੀ ਟੀਮ ਦੇ ਖਿਡਾਰੀ ਜੁਗਰਾਜ ਸਿੰਘ ਨੇ ਖਾਲਸਾ ਕਾਲਜ ਅਤੇ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸੇ ਮੈਦਾਨ ਤੋਂ ਹਾਕੀ ਖੇਡਣ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਸਰੀਰਕ ਤੰਦਰੁਸਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ਼ ਸਿਹਤ ਨੂੰ ਬਿਹਤਰ ਬਣਾਉਂਦੀਆਂ ਹਨ, ਸਗੋਂ ਨੌਜਵਾਨਾਂ ਦੇ ਉੱਜਵਲ ਭਵਿੱਖ ਦੀ ਨੀਂਹ ਵੀ ਰੱਖਦੀਆਂ ਹਨ। ਆਪਣੇ ਪਿੰਡ ਅਟਾਰੀ ਦਾ ਜ਼ਿਕਰ ਕਰਦਿਆਂ ਜੁਗਰਾਜ ਸਿੰਘ ਨੇ ਦੱਸਿਆ ਕਿ ਉੱਥੇ ਵੀ ਹੁਣ 100 ਤੋਂ ਵੱਧ ਬੱਚੇ ਹਾਕੀ ਖੇਡ ਰਹੇ ਹਨ, ਜੋ ਕਿ ਇੱਕ ਹਾਂ-ਪੱਖੀ ਬਦਲਾਅ ਹੈ। ਹਾਕੀ ਸਟਾਰ ਜਰਮਨਪ੍ਰੀਤ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣਾ ਅਤੇ ਪੈਰਿਸ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨਾ ਪੂਰੀ ਟੀਮ ਲਈ ਬੇਹੱਦ ਭਾਵੁਕ ਅਤੇ ਮਾਣ ਵਾਲਾ ਪਲ ਸੀ। ਉਨ੍ਹਾਂ ਦੱਸਿਆ ਕਿ ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਸਖ਼ਤ ਮਿਹਨਤ ਦੇ ਦਮ ’ਤੇ ਇਹ ਸਫ਼ਲਤਾ ਹਾਸਲ ਕੀਤੀ। ਜਰਮਨਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਨੌਜਵਾਨ ਖਿਡਾਰੀ ਉਨ੍ਹਾਂ ਤੋਂ ਮਾਰਗਦਰਸ਼ਨ ਲੈਣ ਆਉਂਦੇ ਹਨ ਤਾਂ ਉਹ ਆਪਣੇ ਤਜਰਬੇ ਉਨ੍ਹਾਂ ਨਾਲ ਸਾਂਝੇ ਕਰਦੇ ਹਨ, ਤਾਂ ਜੋ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧੇ ਅਤੇ ਉਹ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਇੰਟਰਵਿਊ ਦੌਰਾਨ ਖਿਡਾਰੀਆਂ ਨੇ ਪੰਜਾਬ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਜੁਗਰਾਜ ਸਿੰਘ ਨੇ ਕਿਹਾ ਕਿ ਅੱਜਕੱਲ੍ਹ ਕੌਮਾਂਤਰੀ ਹਾਕੀ ਪੂਰੀ ਤਰ੍ਹਾਂ ਐਸਟਰੋਟਰਫ਼ ਦੇ ਮੈਦਾਨਾਂ ’ਤੇ ਖੇਡੀ ਜਾਂਦੀ ਹੈ। ਇਸ ਲਈ ਪਿੰਡਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪੱਧਰ ’ਤੇ ਐਸਟਰੋਟਰਫ਼ ਵਾਲੇ ਮੈਦਾਨ ਬਣਾਉਣ ਦੀ ਸਖ਼ਤ ਲੋੜ ਹੈ, ਤਾਂ ਜੋ ਬੱਚਿਆਂ ਨੂੰ ਸ਼ੁਰੂਆਤੀ ਪੱਧਰ ਤੋਂ ਹੀ ਸਹੀ ਸਿਖਲਾਈ ਮਿਲ ਸਕੇ। ਇਸ ਦੇ ਨਾਲ ਹੀ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਪ੍ਰੋਤਸਾਹਨ ਅਤੇ ਇਨਾਮੀ ਰਾਸ਼ੀ ਵਿੱਚ ਵਾਧਾ ਕਰਨ ਦੀ ਅਪੀਲ ਵੀ ਕੀਤੀ ਗਈ, ਤਾਂ ਜੋ ਉਹ ਹੋਰ ਮਿਹਨਤ ਅਤੇ ਲਗਨ ਨਾਲ ਖੇਡਾਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।