ਪੰਜਾਬ ਅੰਮ੍ਰਿਤਸਰ ’ਚ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਸਵਾਗਤ/ ਜਪਾਨ ‘ਚ ਤਿਰੰਗਾ ਲਹਿਰਾਉਣ ਬਾਅਦ ਪੰਜਾਬ ਪਹੁੰਚੀ ਟੀਮ/ ਏਸ਼ੀਅਨ ਖੇਡਾਂ ਦਾ ਗੋਲਡ ਜਿੱਤ ਕੇ ਵਾਪਸ ਪਰਤੇ ਖਿਡਾਰੀ By admin - October 6, 2026 0 2 Facebook Twitter Pinterest WhatsApp ਜਪਾਨ ’ਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਉਤੇ ਪਹੁੰਚੀ, ਜਿੱਥੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਟੀਮ ਕੋਲ ਹੁਣ ਅਗਲੇ ਵੱਡੇ ਮੁਕਾਬਲਿਆਂ ਲਈ ਤਿਆਰੀ ਕਰਨ ਵਾਸਤੇ ਲਗਭਗ ਦੋ ਸਾਲ ਦਾ ਸਮਾਂ ਹੈ, ਜਿਸ ਦੌਰਾਨ ਰਹਿ ਗਈਆਂ ਕਮੀਆਂ ਨੂੰ ਪੂਰਾ ਕਰਨਗੇ ਅਤੇ ਅੱਗੇ ਹੋਰ ਚੰਗਾ ਖੇਡਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਮਾਂ ਟੀਮ ਲਈ ਬਹੁਤ ਮਹੱਤਵਪੂਰਨ ਹੈ ਅਤੇ ਜਿਨ੍ਹਾਂ ਖੇਤਰਾਂ ਵਿੱਚ ਸੁਧਾਰ ਦੀ ਲੋੜ ਹੈ, ਉਨ੍ਹਾਂ ‘ਤੇ ਮਿਹਨਤ ਕਰਕੇ ਅਗਲੇ ਮੁਕਾਬਲਿਆਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੈਚ ਦੇ ਪਹਿਲੇ ਹਾਫ਼ ਵਿੱਚ ਟੀਮ ਦਾ ਦਬਦਬਾ ਰਿਹਾ, ਜਦਕਿ ਦੂਜੇ ਹਾਫ਼ ਵਿੱਚ ਕੁਝ ਛੋਟੀਆਂ ਗਲਤੀਆਂ ਹੋਈਆਂ, ਪਰ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੈਚ ਆਪਣੇ ਨਾਮ ਕੀਤਾ। ਕਪਤਾਨ ਨੇ ਨੌਜਵਾਨ ਖਿਡਾਰੀਆਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਈ ਖਿਡਾਰੀਆਂ ਦਾ ਇਹ ਪਹਿਲਾ ਵੱਡਾ ਟੂਰਨਾਮੈਂਟ ਸੀ। ਉਨ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਦੀ ਜਿੱਤ ਨੂੰ ਵੀ ਦੇਸ਼ ਲਈ ਮਾਣ ਵਾਲੀ ਗੱਲ ਦੱਸਿਆ। ਟੀਮ ਦੇ ਇੱਕ ਹੋਰ ਖਿਡਾਰੀ ਨੇ ਦੱਸਿਆ ਕਿ ਮੈਚ ਦੌਰਾਨ ਇੱਕ ਸਮੇਂ ਗੋਲ ਦੀ ਬਹੁਤ ਜ਼ਰੂਰਤ ਸੀ ਅਤੇ ਜਦੋਂ ਮੌਕਾ ਮਿਲਿਆ ਤਾਂ ਉਸ ਨੂੰ ਗੋਲ ਵਿੱਚ ਤਬਦੀਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ ਗਈ। ਖਿਡਾਰੀ ਨੇ ਕਿਹਾ ਕਿ ਸੈਮੀਫ਼ਾਈਨਲ ਵਰਗੇ ਦਬਾਅ ਵਾਲੇ ਮੁਕਾਬਲਿਆਂ ਵਿੱਚ ਅਜਿਹੀਆਂ ਸਥਿਤੀਆਂ ਬਣਦੀਆਂ ਰਹਿੰਦੀਆਂ ਹਨ, ਪਰ ਟੀਮ ਵਿੱਚ ਆਖ਼ਰੀ ਮਿੰਟ ਤੱਕ ਲੜਨ ਅਤੇ ਗੋਲ ਕਰਨ ਦਾ ਜਜ਼ਬਾ ਹੈ। ਉਨ੍ਹਾਂ ਕਿਹਾ ਕਿ ਓਲੰਪਿਕ ਲਈ ਕੁਆਲੀਫ਼ਿਕੇਸ਼ਨ ਹੋ ਚੁੱਕੀ ਹੈ ਅਤੇ ਹੁਣ ਟੀਮ ਦਾ ਟੀਚਾ ਓਲੰਪਿਕ ਵਿੱਚ ਵੀ ਮੈਡਲ ਜਿੱਤਣਾ ਹੈ। ਖਿਡਾਰੀ ਨੇ ਆਪਣੀ ਕਾਮਯਾਬੀ ਪਿੱਛੇ ਪਰਿਵਾਰ ਦੇ ਸਹਿਯੋਗ ਨੂੰ ਵੀ ਮਹੱਤਵਪੂਰਨ ਦੱਸਿਆ। ਉੱਥੇ ਹੀ ਦਿਲਪ੍ਰੀਤ ਸਿੰਘ ਦੀ ਮਾਤਾ ਨੇ ਪੁੱਤਰ ਅਤੇ ਪੂਰੀ ਟੀਮ ਦੀ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਬੇਹੱਦ ਮਾਣ ਵਾਲਾ ਪਲ ਹੈ ਕਿ ਬੱਚੇ ਖਾਲੀ ਹੱਥ ਨਹੀਂ, ਸਗੋਂ ਦੇਸ਼ ਲਈ ਗੋਲਡ ਮੈਡਲ ਲੈ ਕੇ ਵਾਪਸ ਪਰਤ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿਲਪ੍ਰੀਤ ਦੇ ਸਵਾਗਤ ਲਈ ਘਰ ਵਿੱਚ ਉਸ ਦਾ ਮਨਪਸੰਦ ਰਾਜਮਾਂਹ-ਚਾਵਲ ਅਤੇ ਖੀਰ ਤਿਆਰ ਕੀਤੀ ਗਈ ਹੈ। ਪਿੰਡ ਵਾਸੀ ਅਤੇ ਪਰਿਵਾਰ ਵੀ ਖਿਡਾਰੀਆਂ ਦੇ ਘਰ ਪਹੁੰਚਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਂਪਾਂ ਅਤੇ ਮੈਚਾਂ ਕਾਰਨ ਲੰਮੇ ਸਮੇਂ ਬਾਅਦ ਪੂਰਾ ਪਰਿਵਾਰ ਇਕੱਠਾ ਹੋ ਰਿਹਾ ਹੈ। ਇੱਕ ਮਾਂ ਵਜੋਂ ਇਹ ਮਾਣ ਬਿਆਨ ਕਰਨਾ ਮੁਸ਼ਕਿਲ ਹੈ ਕਿ ਉਨ੍ਹਾਂ ਦੇ ਬੱਚਿਆਂ ਨੇ ਪੰਜਾਬ ਅਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।