ਪੰਜਾਬ ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਵੱਡੀ ਵਾਰਦਾਤ/ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦਾ ਕਤਲ/ ਮੋਟਰ ਸਾਇਕਲ ਸਵਾਰ ਗੋਲੀਆਂ ਚਲਾ ਕੇ ਫਰਾਰ By admin - October 4, 2026 0 2 Facebook Twitter Pinterest WhatsApp ਅੰਮ੍ਰਿਤਸਰ ਵਿੱਚ ਲੋਹਾਰਕਾ ਰੋਡ ‘ਤੇ ਬੇਖੌਫ਼ ਹਮਲਾਵਰਾਂ ਨੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਚਰਚਿਤ ਸੋਸ਼ਲ ਮੀਡੀਆ ਇਨਫਲੂਐਂਸਰ ‘ਮੈਡ ਸੰਧੂ’ ਵਜੋਂ ਹੋਈ ਹੈ। ਘਟਨਾ ਬੀਤੀ ਸ਼ਾਮ ਕਰੀਬ 6 ਵਜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੈਡ ਸੰਧੂ ਆਪਣੀ ਥਾਰ ਗੱਡੀ ਧੁਆਉਣ ਲਈ ਵਾਸ਼ਿੰਗ ਸੈਂਟਰ ‘ਤੇ ਪਹੁੰਚੇ ਸਨ, ਜਿੱਥੇ ਘਾਤ ਲਾ ਕੇ ਖੜ੍ਹੇ ਦੋ ਅਣਪਛਾਤੇ ਮੋਟਰ ਸਾਇਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚਸ਼ਮਦੀਦ ਜ਼ੀਆ ਸੰਧੂ ਮੁਤਾਬਕ ਹਮਲਾਵਰਾਂ ਨੇ ਆਪਣੇ ਚਿਹਰੇ ਪੂਰੀ ਤਰ੍ਹਾਂ ਢੱਕੇ ਹੋਏ ਸਨ। ਇੱਕ ਨੌਜਵਾਨ ਮੋਟਰਸਾਈਕਲ ‘ਤੇ ਹੀ ਰੁਕਿਆ ਰਿਹਾ, ਜਦਕਿ ਦੂਜੇ ਸ਼ੂਟਰ ਨੇ ਅੱਗੇ ਵੱਧ ਕੇ ਸੰਧੂ ‘ਤੇ ਬਹੁਤ ਨੇੜਿਓਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਕਰੀਬ 4 ਤੋਂ 5 ਰਾਊਂਡ ਫਾਇਰਿੰਗ ਹੋਣ ਦੀ ਗੱਲ ਸਾਹਮਣੇ ਆਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੋਟਰਸਾਈਕਲ ‘ਤੇ ਲੋਹਾਰਕਾ ਰੋਡ ਤੋਂ ਪਿੰਡ ਵੱਲ ਫਰਾਰ ਹੋ ਗਏ। ਗੋਲੀਬਾਰੀ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਅਤੇ ਸੰਧੂ ਦੇ ਸਾਥੀਆਂ ਨੇ ਉਸ ਨੂੰ ਨਿੱਜੀ ਗੱਡੀ ਰਾਹੀਂ ਨੇੜਲੇ ਹਸਪਤਾਲ ਪਹੁੰਚਾਇਆ। ਗੋਲੀਆਂ ਸਰੀਰ ‘ਤੇ ਲੱਗਣ ਕਾਰਨ ਉਸ ਦੀ ਹਾਲਤ ਬੇਹੱਦ ਨਾਜ਼ੁਕ ਸੀ। ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਬਲ ਸਮੇਤ ਏਡੀਸੀਪੀ ਡਾ. ਵੇਨਿਲਾ ਮੌਕੇ ‘ਤੇ ਪਹੁੰਚੇ। ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਏਡੀਸੀਪੀ ਨੇ ਮੀਡੀਆ ਨੂੰ ਦੱਸਿਆ ਕਿ ਲੋਹਾਰਕਾ ਰੋਡ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਮੈਡ ਸੰਧੂ ‘ਤੇ ਫਾਇਰਿੰਗ ਕੀਤੀ ਗਈ, ਜਿਸ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਆਸ-ਪਾਸ ਦੀਆਂ ਦੁਕਾਨਾਂ ਅਤੇ ਸੜਕਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੁਤਾਬਕ ਜਾਂਚ ਦੌਰਾਨ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ। ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਅਤੇ ਚਸ਼ਮਦੀਦਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਚਸ਼ਮਦੀਦ ਐਡਵੋਕੇਟ ਨਿਤਿਨ ਅਰੋੜਾ ਅਤੇ ਅਰੁਣ ਜੋਸ਼ੀ ਨੇ ਦੱਸਿਆ ਕਿ ਲੋਹਾਰਕਾ ਰੋਡ ਸੰਘਣੀ ਆਬਾਦੀ ਵਾਲਾ ਇਲਾਕਾ ਹੈ, ਜਿੱਥੇ ਕਈ ਵੱਡੇ ਸਕੂਲ ਅਤੇ ਰਿਹਾਇਸ਼ੀ ਕਾਲੋਨੀਆਂ ਮੌਜੂਦ ਹਨ। ਸਥਾਨਕ ਵਾਸੀਆਂ ਦਾ ਇਲਜ਼ਾਮ ਸੀ ਕਿ ਘਟਨਾ ਸਥਾਨ ਤੋਂ ਮਹਿਜ਼ 200 ਮੀਟਰ ਦੀ ਦੂਰੀ ‘ਤੇ ਸਥਿਤ ਪੁਲਿਸ ਚੌਕੀ ਨੂੰ ਕਰੀਬ ਦੋ ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਾਮ ਦੇ ਸਮੇਂ ਇੱਥੇ ਕੋਈ ਸਥਾਈ ਨਾਕਾਬੰਦੀ ਜਾਂ ਨਿਯਮਤ ਪੁਲਿਸ ਗਸ਼ਤ ਨਹੀਂ ਹੁੰਦੀ। ਜੇਕਰ ਨਾਕਾ ਲਗਾਇਆ ਵੀ ਜਾਂਦਾ ਹੈ ਤਾਂ ਉਹ ਮਹਿਜ਼ ਰਸਮੀ ਕਾਰਵਾਈ ਬਣ ਕੇ ਰਹਿ ਜਾਂਦਾ ਹੈ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਵਧਾਏ ਜਾਣ ਅਤੇ ਬੰਦ ਪਈ ਪੁਲਿਸ ਚੌਕੀ ਨੂੰ ਤੁਰੰਤ ਮੁੜ ਚਾਲੂ ਕੀਤਾ ਜਾਵੇ, ਤਾਂ ਜੋ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋ ਸਕੇ। ਪੁਲਿਸ ਵੱਲੋਂ ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।