ਪੰਜਾਬ ਮਾਛੀਵਾੜਾ ਸਾਹਿਬ ਵਿਖੇ ਨਿਹੰਗ ਬਾਣੇ ’ਚ ਨੌਜਵਾਨ ਦਾ ਹੰਗਾਮਾ- ਸੁਨਿਆਰੇ ’ਤੇ ਪੈਟਰੋਲ ਛਿੜਕਣ ਦਾ ਦੋਸ਼/ ਪੁਲਿਸ ਨਾਲ ਵੀ ਹੱਥੋਪਾਈ By admin - October 4, 2026 0 1 Facebook Twitter Pinterest WhatsApp ਮਾਛੀਵਾੜਾ ਸਾਹਿਬ ਦੇ ਗਾਂਧੀ ਚੌਂਕ ਇਲਾਕੇ ਵਿਚ ਨਿਹੰਗ ਬਾਣੇ ’ਚ ਆਏ ਨੌਜਵਾਨ ਵੱਲੋਂ ਸੁਨਿਆਰੇ ਦੀ ਦੁਕਾਨ ’ਚ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨਦਾਰ ਕਰਨ ਵਰਮਾ ਦੇ ਬਿਆਨਾਂ ਮੁਤਾਬਕ ਮੁਲਜ਼ਮ ਦੀਪਕ ਕੁਮਾਰ ਨੇ ਪਹਿਲਾਂ ਦੁਕਾਨ ਅੰਦਰ ਧਮਕੀਆਂ ਦਿੱਤੀਆਂ ਅਤੇ ਬਾਅਦ ’ਚ ਉਸਦਾ ਪਿੱਛਾ ਕਰਦਿਆਂ ਪੈਟਰੋਲ ਛਿੜਕ ਕੇ ਅੱਗ ਲਗਾਉਣ ਦੀ ਕਥਿਤ ਕੋਸ਼ਿਸ਼ ਕੀਤੀ। ਮੌਕੇ ’ਤੇ ਪਹੁੰਚੀ ਪੁਲਿਸ ਨਾਲ ਵੀ ਮੁਲਜ਼ਮ ਨੇ ਹੱਥੋਪਾਈ ਕੀਤੀ। ਪੁਲਿਸ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਦੀਪਕ ਕੁਮਾਰ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਛੀਵਾੜਾ ਦੇ ਗਾਂਧੀ ਚੌਂਕ ਵਿਚ ਸੁਨਿਆਰੇ ਦੀ ਦੁਕਾਨ ਕਰਦੇ ਕਰਨ ਵਰਮਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਦੇਰ ਸ਼ਾਮ ਆਪਣੀ ਦੁਕਾਨ ਵਿਚ ਬੈਠਾ ਗ੍ਰਾਹਕਾਂ ਨੂੰ ਸਮਾਨ ਦਿਖਾ ਰਿਹਾ ਸੀ ਕਿ ਮੇਰਾ ਇੱਕ ਦੋਸਤ ਸੁਨੀਲ ਕੁਮਾਰ ਗਿਰਧਰ ਤੇ ਇੱਕ ਸੋਨੇ ਦਾ ਵਪਾਰੀ ਰੁਸਤਮ ਰਣਜੀਤ ਸਿੰਘ ਵੀ ਬੈਠਾ ਸੀ। ਮੇਰੀ ਦੁਕਾਨ ਦੇ ਬਾਹਰ ਦੀਪਕ ਕੁਮਾਰ ਜੋ ਕਿ ਨਿਹੰਗ ਬਾਣੇ ਵਿਚ ਅਕਸਰ ਹੁੰਦਾ ਹੈ, ਕਿਸੇ ਵਿਅਕਤੀ ਨਾਲ ਬਹਿਸ ਕਰਦਾ ਹੋਇਆ ਦੁਕਾਨ ਅੰਦਰ ਆ ਵੜਿਆ। ਦੁਕਾਨ ਅੰਦਰ ਆ ਕੇ ਇਹ ਗ੍ਰਾਹਕਾਂ ਨੂੰ ਪ੍ਰਭਾਵਿਤ ਕਰਨ ਲੱਗ ਪਿਆ ਜਿਸ ਨੂੰ ਜਦੋਂ ਮੈਂ ਰੋਕਿਆ ਤਾਂ ਉਸਨੇ ਆਪਣੇ ਹੱਥ ਵਿਚ ਫੜੀ ਬੋਤਲ ਜਿਸ ਵਿਚ ਮਿੱਟੀ ਦਾ ਤੇਲ ਜਾਂ ਪੈਟਰੋਲ ਨੁਮਾ ਵਸਤੂ ਭਰੀ ਹੋਈ ਸੀ, ਉਸ ਨੂੰ ਆਪਣੇ ਉੱਪਰ ਛਿੜਕਣ ਦੀ ਕੋਸ਼ਿਸ਼ ਕਰ ਮੈਨੂੰ, ਮੇਰੇ ਗ੍ਰਾਹਕਾਂ ਅਤੇ ਆਪਣੇ ਆਪ ਨੂੰ ਮਾਰਨ ਦੀ ਧਮਕੀ ਦਿੱਤੀ। ਬਿਆਨਕਰਤਾ ਕਰਨ ਵਰਮਾ ਅਨੁਸਾਰ ਉਸਨੇ ਦੀਪਕ ਕੁਮਾਰ ਨੂੰ ਕਾਫ਼ੀ ਸਮਝਾਇਆ ਕਿ ਰਾਤ ਹੋ ਗਈ ਹੈ ਅਤੇ ਦੁਕਾਨ ਬੰਦ ਕਰਕੇ ਘਰ ਜਾਣਾ ਹੈ ਪਰ ਇਹ ਨਾ ਸਮਝਿਆ। ਦੁਕਾਨਦਾਰ ਕਰਨ ਵਰਮਾ ਅਨੁਸਾਰ ਜਦੋਂ ਉਹ ਆਪਣੀ ਦੁਕਾਨ ਬੰਦ ਕਰਕੇ ਵਾਪਸ ਆਇਆ ਤਾਂ ਦੀਪਕ ਕੁਮਾਰ ਮੇਰੇ ਪਿੱਛੇ ਹੀ ਆ ਗਿਆ ਜਿਸ ਕਾਰਨ ਮੈਂ ਆਪਣੀ ਜਾਨ ਬਚਾਉਂਦੇ ਹੋਏ ਦੋਸਤ ਰੁਸਤਮ ਦੀ ਗੱਡੀ ਵਿਚ ਜਾ ਬੈਠਿਆ। ਇਸ ਨਿਹੰਗ ਬਾਣੇ ਵਿਚ ਨੌਜਵਾਨ ਵੀ ਸਾਡੇ ਪਿੱਛੇ ਹੀ ਆ ਗਿਆ ਜਿਸ ਨੇ ਆਪਣੇ ਹੱਥ ਵਿਚ ਫੜੀ ਤੇਲ ਦੀ ਬੋਤਲ ਸਾਡੇ ’ਤੇ ਛਿੜਕ ਦਿੱਤੀ ਅਤੇ ਮਾਚਿਸ ਦੀ ਤੀਲੀ ਲਗਾ ਕੇ ਮਾਰ ਦੇਣ ਦੀ ਨੀਅਤ ਨਾਲ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਜਿਸ ’ਤੇ ਤੁਰੰਤ ਥਾਣਾ ਮੁਖੀ ਕਰਮਜੀਤ ਸਿੰਘ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਨਿਹੰਗ ਬਾਣੇ ਵਿਚ ਨੌਜਵਾਨ ਨੇ ਪੁਲਸ ਪਾਰਟੀ ’ਤੇ ਵੀ ਹਮਲਾ ਕਰ ਹੱਥੋਪਾਈ ਕੀਤੀ। ਇਸ ਹੱਥੋਪਾਈ ਵਿਚ ਮੁਲਾਜਮ ਦੀ ਵਰਦੀ ਵੀ ਪਾੜ ਗਈ। ਪੁਲਸ ਨੂੰ ਇਸ ਨਿਹੰਗ ਨੌਜਵਾਨ ਨੂੰ ਕਾਬੂ ਕਰਨ ਵਿਚ ਬੜੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਨੂੰ ਗ੍ਰਿਫ਼ਤਾਰ ਕਰ ਥਾਣੇ ਲਿਆਂਦਾ ਗਿਆ। ਪੁਲਸ ਵਲੋਂ ਨਿਹੰਗ ਦੀਪਕ ਕੁਮਾਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਥਾਨਕ ਗਾਂਧੀ ਚੌਂਕ ਵਿਚ ਪੁਲਸ ਵਲੋਂ ਨਿਹੰਗ ਨੌਜਵਾਨ ਦੀਪਕ ਕੁਮਾਰ ਨੂੰ ਕਾਬੂ ਕਰਨ ਲਈ ਬਹੁਤ ਮੁਸ਼ੱਕਤ ਕਰਨ ਪਈ। ਜਦੋਂ ਉਸ ਨੂੰ ਫੜਿਆ ਜਾਂਦਾ ਸੀ ਤਾਂ ਉਹ ਪੁਲਸ ਨਾਲ ਵੀ ਹੱਥੋਪਾਈ ਕਰਦਾ ਸੀ ਜਿਸ ’ਤੇ ਪੁਲਸ ਕਰਮਚਾਰੀਆਂ ਨੇ ਆਸਪਾਸ ਖੜੇ ਸੈਂਕੜੇ ਹੀ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਤਾਂ ਕੋਈ ਵੀ ਇਸ ਤੋਂ ਡਰਦਾ ਅੱਗੇ ਨਾ ਆਇਆ। ਕੇਵਲ ਇੱਕ ਨੌਜਵਾਨ ਨੇ ਹੀ ਹਿੰਮਤ ਕਰਕੇ ਪੁਲਸ ਦਾ ਸਹਿਯੋਗ ਦਿੱਤਾ ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਪੁਲਸ ਦੀ ਗੱਡੀ ਵਿਚ ਬਿਠਾ ਕੇ ਥਾਣੇ ਲਿਆਂਦਾ ਗਿਆ। ਗਾਂਧੀ ਚੌਂਕ ਵਿਖੇ ਇਹ ਨੌਜਵਾਨ ਦੀਪਕ ਕੁਮਾਰ ਜੋ ਕਿ ਨਿਹੰਗ ਬਾਣੇ ਵਿਚ ਰਹਿੰਦਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਇਹ ਰੋਜ਼ਾਨਾ ਹੀ ਇੱਥੇ ਹੜਦੁੰਗ ਮਚਾਉਂਦਾ ਸੀ ਅਤੇ ਕੁਝ ਦੁਕਾਨਦਾਰਾਂ ਨਾਲ ਬਹਿਸ ਵੀ ਕਰਨ ਲੱਗ ਜਾਂਦਾ ਸੀ। ਗਾਂਧੀ ਚੌਂਕ ਨੇੜ੍ਹੇ ਹੀ ਇੱਕ ਦੁਕਾਨਦਾਰ ਦੇ ਬਾਹਰ ਨੰਗੀ ਕਿਰਪਾਨ ਲੈ ਕੇ ਉਸ ਨੂੰ ਵੀ ਜਾਨੋ ਮਾਰਨ ਲਈ ਕਈ ਵਾਰ ਲਲਕਾਰਿਆ ਜਿਸ ਸਬੰਧੀ ਉਸਨੇ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦੀਆਂ ਪੁਲਸ ਕੋਲ ਕਾਫ਼ੀ ਸ਼ਿਕਾਇਤਾਂ ਆ ਰਹੀਆਂ ਸਨ ਜੋ ਕਿ ਮਾਛੀਵਾੜਾ ਵਿਚ ਅਮਨ, ਕਾਨੂੰਨ ਦੀ ਸਥਿਤੀ ਭੰਗ ਕਰ ਰਿਹਾ ਸੀ ਅਤੇ ਅੱਜ ਉਸਨੇ ਜਲਨਸ਼ੀਲ ਪਦਾਰਥ ਛਿੜਕ ਕੇ ਸਰਾਫ਼ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਜਿਸ ਨੂੰ ਬਹੁਤ ਮੁਸ਼ਕਿਲ ਨਾਲ ਕਾਬੂ ਕੀਤਾ ਗਿਆ।