ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪਰਮਜੀਤ ਸਰਨਾ/ ਗੁਰੂ ਘਰ ਮੱਥਾ ਟੇਕ ਕੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ/ ਧਾਰਮਿਕ ਮਸਲਿਆਂ ‘ਤੇ ਸਿਆਸਤ ਨਾ ਕਰਨ ਦੀ ਕੀਤੀ ਅਪੀਲ

0
2

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਪਰਮਜੀਤ ਸਿੰਘ ਸਰਨਾ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਗੁਰੂ ਘਰ ਵਿੱਚ ਮੱਥਾ ਟੇਕਣ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਸਰਨਾ ਨੇ ਕਿਹਾ ਕਿ ਉਹ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਅਸ਼ੀਰਵਾਦ ਲੈਣ ਅਤੇ ਸ਼ੁਕਰਾਨੇ ਦੀ ਅਰਦਾਸ ਕਰਨ ਆਏ ਹਨ। ਦੋਸ਼-ਪ੍ਰਤੀਦੋਸ਼ਾਂ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਫਜ਼ੂਲ ਇਲਜ਼ਾਮਬਾਜ਼ੀ ਵਿੱਚ ਨਹੀਂ ਪੈਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੱਚ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਉਂਦਾ, ਉਦੋਂ ਤੱਕ ਬਿਆਨਬਾਜ਼ੀ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਵੱਖ-ਵੱਖ ਧਿਰਾਂ ਨੂੰ ਅਪੀਲ ਕੀਤੀ ਕਿ ਧਾਰਮਿਕ ਮਸਲਿਆਂ ‘ਤੇ ਕੀਚੜ ਉਛਾਲ ਕੇ ਰਾਜਨੀਤੀ ਨਾ ਕੀਤੀ ਜਾਵੇ।
ਉਨ੍ਹਾਂ ਕਿਹਾ, “ਗੁਰੂ ਦਾ ਵਾਸਤਾ ਹੈ, ਧਰਮ ਦੇ ਨਾਂ ‘ਤੇ ਸਿਆਸਤ ਨਾ ਕਰੋ। ਇੰਨੀਆਂ ਵੱਡੀਆਂ ਪਦਵੀਆਂ ‘ਤੇ ਬੈਠ ਕੇ ਅਜਿਹੀ ਰਾਜਨੀਤੀ ਕਰਨਾ ਸ਼ੋਭਾ ਨਹੀਂ ਦਿੰਦਾ।” ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਥਕ ਆਗੂਆਂ ਦੀਆਂ ਮੁਲਾਕਾਤਾਂ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸਰਨਾ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਲੈ ਕੇ ਪੰਥਕ ਵਿਰੋਧ ਹੈ, ਉਨ੍ਹਾਂ ਦੇ ਦਰ ‘ਤੇ ਜਾਣਾ ਜਾਂ ਉਨ੍ਹਾਂ ਨਾਲ ਜੱਫੀਆਂ ਪਾਉਣਾ ਬੇਹੱਦ ਸ਼ਰਮਨਾਕ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਜੋ ਆਗੂ, ਟਕਸਾਲੀ ਸ਼ਖਸੀਅਤਾਂ ਜਾਂ ਸਾਬਕਾ ਜਥੇਦਾਰ ਮੁੱਖ ਮੰਤਰੀ ਨੂੰ ਮਿਲਣ ਗਏ ਹਨ, ਉਹ ਹੁਣ ਪੰਥਕ ਸ਼ਖਸੀਅਤਾਂ ਕਹਾਉਣ ਦੇ ਹੱਕਦਾਰ ਨਹੀਂ ਰਹੇ। ਤਾਲਮੇਲ ਕਮੇਟੀ ‘ਤੇ ਸਵਾਲ ਚੁੱਕਦਿਆਂ ਸਰਨਾ ਨੇ ਕਿਹਾ ਕਿ ਸਰਕਾਰ ਕੋਲੋਂ ਆਪਣਾ ਸਟੈਂਡ ਪੁੱਛਣ ਜਾਣ ਵਾਲਿਆਂ ਨਾਲ ਸਿੰਘ ਸਾਹਿਬ ਜਥੇਦਾਰ ਜੀ ਨੂੰ ਵੀ ਮੁਲਾਕਾਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਆਖਿਆ ਕਿ ਜਦੋਂ ਪੂਰਾ ਸੱਚ ਸਾਹਮਣੇ ਆਵੇਗਾ, ਉਹ ਉਦੋਂ ਹੀ ਆਪਣਾ ਅਗਲਾ ਪੱਖ ਰੱਖਣਗੇ।

LEAVE A REPLY

Please enter your comment!
Please enter your name here