ਅੰਮ੍ਰਿਤਸਰ ਦੀ ਭਗਤਾਂਵਾਲਾ ਮੰਡੀ ’ਚ ਝੋਨੇ ਦੀ ਖਰੀਦ ਸ਼ੁਰੂ/ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਲਿਆ ਜਾਇਜ਼ਾ/ ਮੰਡੀ ਅੰਦਰ ਕੀਤੇ ਪ੍ਰਬੰਧਾਂ ’ਤੇ ਜਾਹਰ ਕੀਤੀ ਤਸੱਲੀ

0
2

 

ਅੰਮ੍ਰਿਤਸਰ ਦੀ ਪ੍ਰਸਿੱਧ ਭਗਤਾਂਵਾਲਾ ਦਾਣਾ ਮੰਡੀ ਵਿੱਚ ਝੋਨੇ ਦੀ ਸਰਕਾਰੀ ਅਤੇ ਗੈਰ-ਸਰਕਾਰੀ ਖਰੀਦ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਵਧੀਕ ਡਿਪਟੀ ਕਮਿਸ਼ਨਰ ਪੱਲਵੀ ਮਿਸ਼ਰਾ ਨੇ ਮੰਡੀ ਦਾ ਦੌਰਾ ਕੀਤਾ ਅਤੇ ਜ਼ਮੀਨੀ ਪੱਧਰ ’ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੰਡੀ ਵਿੱਚ ਪਹਿਲੀ ਢੇਰੀ ਦੀ ਵਿਧੀਵਤ ਖਰੀਦ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਮੰਡੀ ਵਿੱਚ ਝੋਨੇ ਦੀ ਆਮਦ ਤੇਜ਼ੀ ਨਾਲ ਹੋ ਰਹੀ ਹੈ। ਉਨ੍ਹਾਂ ਅਨੁਸਾਰ ਹੁਣ ਤੱਕ ਲਗਭਗ ਪੰਦਰਾ ਲੱਖ, ਸਤਾਨਵੇਂ ਹਜ਼ਾਰ ਇਕ ਸੋ ਬਿਆਲੀ ਕੁਇੰਟਲ ਬਾਸਮਤੀ ਅਤੇ ਕਰੀਬ ਛੱਤੀ ਹਜ਼ਾਰ ਨੌ ਸੌ ਬਾਹਠ ਕੁਇੰਟਲ ਪਰਮਲ ਝੋਨੇ ਦੀ ਆਮਦ ਹੋ ਚੁੱਕੀ ਹੈ।
ਪੀ.ਆਰ. ਝੋਨੇ ਦੀ ਖਰੀਦ ਸਬੰਧੀ ਉਨ੍ਹਾਂ ਦੱਸਿਆ ਕਿ ਨਮੀ ਦਾ ਪੱਧਰ ਹੁਣ ਲਗਭਗ 15.5 ਫ਼ੀਸਦੀ ਰਹਿ ਗਿਆ ਹੈ, ਜੋ ਕਿ 17 ਫ਼ੀਸਦੀ ਦੀ ਨਿਰਧਾਰਤ ਹੱਦ ਦੇ ਅੰਦਰ ਹੈ। ਇਸ ਕਾਰਨ ਝੋਨੇ ਦੀ ਖਰੀਦ ਦਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧਾਇਆ ਜਾ ਰਿਹਾ ਹੈ। ਡਾ. ਨਿੱਝਰ ਨੇ ਕਿਹਾ ਕਿ ਪਿਛਲੇ ਸਾਲ ਹੜ੍ਹਾਂ ਅਤੇ ਮਾੜੇ ਮੌਸਮ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ, ਪਰ ਇਸ ਵਾਰ ਫ਼ਸਲ ਦੀ ਪੈਦਾਵਾਰ ਔਸਤਨ 22 ਤੋਂ 24 ਕੁਇੰਟਲ ਪ੍ਰਤੀ ਏਕੜ ਰਹੀ ਹੈ। ਇਸ ਦੇ ਨਾਲ ਹੀ ਮੰਡੀਆਂ ਵਿੱਚ ਬਾਸਮਤੀ ਦੇ ਭਾਅ 4500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਏ ਹਨ, ਜਿਸ ਨਾਲ ਕਿਸਾਨਾਂ ਨੂੰ ਆਪਣੀ ਮਿਹਨਤ ਦਾ ਵਾਜਬ ਮੁਆਵਜ਼ਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਵੇਗਾ, ਤਾਂ ਹੀ ਪੰਜਾਬ ਤਰੱਕੀ ਦੀ ਰਾਹ ’ਤੇ ਹੋਰ ਅੱਗੇ ਵਧੇਗਾ।
ਏਡੀਸੀ ਪੱਲਵੀ ਮਿਸ਼ਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੇ ਖਰੀਦ ਸੀਜ਼ਨ ਲਈ ਪਹਿਲਾਂ ਤੋਂ ਹੀ ਵਿਆਪਕ ਕੰਟੀਜੈਂਸੀ ਪਲਾਨ ਤਿਆਰ ਕੀਤੇ ਗਏ ਹਨ। ਮੰਡੀ ਵਿੱਚ ਲਿਫਟਿੰਗ ਦੇ ਸੁਚਾਰੂ ਪ੍ਰਬੰਧ ਲਈ ਰਾਈਸ ਮਿਲਰਾਂ ਅਤੇ ਟਰਾਂਸਪੋਰਟਰਾਂ ਨਾਲ ਲਗਾਤਾਰ ਤਾਲਮੇਲ ਕੀਤਾ ਜਾ ਰਿਹਾ ਹੈ, ਤਾਂ ਜੋ ਮੰਡੀਆਂ ਵਿੱਚ ਬੋਰੀਆਂ ਦਾ ਢੇਰ ਨਾ ਲੱਗੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਲਈ ਸਾਫ਼ ਅਤੇ ਠੰਢੇ ਪੀਣ ਵਾਲੇ ਪਾਣੀ, ਆਰਾਮ ਕਰਨ ਲਈ ਥਾਂ, ਛਾਂਦਾਰ ਸ਼ੈੱਡ, ਪਖਾਨਿਆਂ ਅਤੇ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਮੰਡੀ ਅਤੇ ਆਸ-ਪਾਸ ਦੇ ਰਸਤਿਆਂ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਸੁਚੱਜੇ ਟ੍ਰੈਫਿਕ ਰੂਟ ਨਿਰਧਾਰਤ ਕੀਤੇ ਗਏ ਹਨ।
ਵਿਧਾਇਕ ਡਾ. ਨਿੱਝਰ ਨੇ ਮਾਨ ਸਰਕਾਰ ਵੱਲੋਂ ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਆਖਰੀ ਸਿਰੇ ਤੱਕ ਪਹੁੰਚਾਉਣ ਲਈ ਲਗਭਗ 14,000 ਤੋਂ 15,000 ਕਿਲੋਮੀਟਰ ਲੰਬੀਆਂ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਸਿੰਚਾਈ ਦੇ ਖੇਤਰ ਵਿੱਚ ਵੱਡਾ ਲਾਭ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਭਗਤਾਂਵਾਲਾ ਮੰਡੀ ਅਤੇ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਚਾਟੀਵਿੰਡ ਪੁਲ ਤੋਂ ਡੰਪ ਵੱਲ ਜਾਣ ਵਾਲੀ ਸੜਕ, ਆੜ੍ਹਤੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਅੰਦਰੂਨੀ ਸੰਪਰਕ ਮਾਰਗ ਅਤੇ ਤਰਨਤਾਰਨ ਰੋਡ ਤੋਂ ਇੱਬਣ ਕਲਾਂ ਹੁੰਦੇ ਹੋਏ ਝਬਾਲ, ਅਟਾਰੀ, ਅਜਨਾਲਾ ਅਤੇ ਮਜੀਠਾ ਰੋਡ ਨੂੰ ਜੋੜਨ ਵਾਲੇ ਰਿੰਗ ਰੋਡ/ਬਾਈਪਾਸ ਦਾ ਨਿਰਮਾਣ ਤੇਜ਼ੀ ਨਾਲ ਜਾਰੀ ਹੈ। ਰਿੰਗ ਰੋਡ ਦੇ ਮੁਕੰਮਲ ਹੋਣ ਤੋਂ ਬਾਅਦ ਬਾਹਰੋਂ ਆਉਣ ਵਾਲੇ ਵਾਹਨਾਂ ਅਤੇ ਟਰੱਕਾਂ ਨੂੰ ਸ਼ਹਿਰ ਦੇ ਅੰਦਰ ਦਾਖ਼ਲ ਹੋਣ ਦੀ ਲੋੜ ਨਹੀਂ ਪਵੇਗੀ ਅਤੇ ਉਨ੍ਹਾਂ ਨੂੰ ਸਿੱਧਾ ਬਦਲਵਾਂ ਰਸਤਾ ਮਿਲੇਗਾ। ਇਸ ਨਾਲ ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਘਟਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।

LEAVE A REPLY

Please enter your comment!
Please enter your name here