ਗੋਇੰਦਵਾਲ ਸਾਹਿਬ ਵਿਖੇ ਮਾਵਾਂ ਧੀਆਂ ਸਤਿਕਾਰ ਯੋਜਨਾ ਸਮਾਗਮ/ ਸਕੀਮ ਤਹਿਤ ਲਈ ਦੂਜੀ ਕਿਸ਼ਤ ਜਾਰੀ/ ਵਿਰੋਧੀਆਂ ਵੱਲ ਸਾਧੇ ਨਿਸ਼ਾਨੇ

0
5

ਤਰਨ ਤਾਰਨ ਅਧੀਨ ਆਉਂਦੇ ਗੋਇੰਦਵਾਲ ਸਾਹਿਬ ਵਿਖੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਗੋਇੰਦਵਾਲ ਦਾਣਾ ਮੰਡੀ ਵਿਖੇ ਹੋਏ ਇਸ ਸਮਾਗਮ ਵਿਚ ਮੁੱਖ ਮੰਤਰੀ ਮਾਨ ਸਮੇਤ ਪ੍ਰਮੁੱਖ ਸਰਕਾਰੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮੰਤਰੀ ਵੱਲੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਦੂਜੀ ਕਿਸ਼ਤ ਜਾਰੀ ਕੀਤੀ ਗਈ।
ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੋਇੰਦਵਾਲ ਤੋਂ ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਤੇ ਸਤੀ ਪ੍ਰਥਾ ਖਤਮ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸੇ ਧਰਤੀ ਤੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਆਗਾਜ਼ ਕਰ ਕੇ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਟੈਕਸਾਂ ਦਾ ਪੈਸਾ ਲੋਕਾਂ ਉਤੇ ਹੀ ਖਰਚ ਰਹੀ ਹੈ ਜੋ ਸਰਕਾਰ ਦਾ ਪਹਿਲਾਂ ਫਰਜ ਸੀ।  ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਅੰਦਰ ਨਵੇਂ ਪ੍ਰਧਾਨ ਨੂੰ ਲੈ ਕੇ ਵੀ ਖਿੱਚੋਤਾਣ ਮਚੀ ਹੋਈ ਹੈ। ਅਕਾਲੀ ਦਲ ਅਤੇ ਕਾਂਗਰਸ ਵਾਲੇ ਬੀਜੇਪੀ ਨਾਲ ਰਲੇ ਹੋਏ ਹਨ।
ਵਿਰੋਧੀਆਂ ਵੱਲ ਤਿੱਖੇ ਨਿਸ਼ਾਨੇ ਸੇਧਦਿਆਂ ਉਨ੍ਹਾਂ  ਕਿਹਾ ਕਿ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲਿਆਂ ਦਾ ਹੁਣ ਕੁਝ ਨਹੀਂ ਬਚਿਆ। ਅਕਾਲੀ ਦਲ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ ਅਤੇ ਲੋਕਾਂ ਨੇ ਉਸ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲ ਕੁੱਝ ਹੀ ਆਗੂ ਬਚੇ ਹਨ ਜਦਕਿ ਬਾਕੀ ਸਾਰੇ ਵੱਖ ਵੱਖ ਪਾਰਟੀਆਂ ਵਿਚ ਘੁੰਮ ਰਹੇ ਹਨ। ਕਾਂਗਰਸ ਉੱਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸੂਬੇ ਦੇ ਭਲੇ ਲਈ ਕਦੇ ਇਕੱਠੇ ਨਹੀਂ ਹੁੰਦੇ, ਸਗੋਂ ਪ੍ਰਧਾਨਗੀ ਦੀ ਲੜਾਈ ਲਈ ਇਕੱਠੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਰਾਜਾ ਵੜਿੰਗ ਨੂੰ ਗੱਦੀ ਤੋਂ ਲਾਹੁਣ ਲਈ ਇਕਜੁਟ ਸਨ ਅਤੇ ਹੁਣ ਅਗਲੇ ਪ੍ਰਧਾਨ ਦੇ ਦੁਆਲੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦਾ ਮਕਸਦ ‘ਆਪ’ ਸਰਕਾਰ ਨੂੰ ਲਾਂਭੇ ਕਰਨਾ ਹੈ, ਜੋ ਕਦੇ ਪੂਰਾ ਨਹੀਂ ਹੋਵੇਗਾ।
ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਣ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਨੇ ਸਿੱਖਿਆ ਖੇਤਰ ਵਿੱਚ ਵੱਡੇ ਕੰਮ ਕੀਤੇ ਹਨ, ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਹੈ ਅਤੇ 1100 ਕਰੋੜ ਰੁਪਏ ਖ਼ਰਚ ਕੇ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਖ਼ਰੀਦਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਿੱਖਿਆ ਨੀਤੀ ਤਹਿਤ ਪੰਜਾਬ ਸਿੱਖਿਆ ਦੇ ਖੇਤਰ ਵਿਚ ਪਹਿਲੇ ਨੰਬਰ ਵਿਚ ਆ ਗਿਆ ਹੈ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਆਮ ਘਰਾਂ ਦੇ ਬੱਚੇ ਡਾਕਟਰ ਅਤੇ ਇੰਜੀਨੀਅਰ ਦੀ ਪੜ੍ਹਾਈ ਕਰਨ ਲੱਗੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਕਦੇ ਬੰਦ ਨਹੀਂ ਹੋਵੇਗੀ ਅਤੇ ਅੱਜ ਇਸ ਦੇ ਦੂਜੇ ਪੜਾਅ ਤਹਿਤ ਲਾਭਪਾਤਰੀ ਮਹਿਲਾਵਾਂ ਦੇ ਖਾਤਿਆਂ ਵਿੱਚ ਪੈਸੇ ਪਾ ਦਿੱਤੇ ਗਏ ਹਨ।

LEAVE A REPLY

Please enter your comment!
Please enter your name here