ਮੋਗਾ ਦੇ ਪਿੰਡ ਨੱਥੂਵਾਲਾ ’ਚ ਨਸ਼ਾ ਤਸਕਰਾਂ ਦੀ ਗੁੰਡਾਗਰਦੀ/ ਨਸ਼ਾ ਰੋਕਣ ਗਏ ਨੌਜਵਾਨ ’ਤੇ ਜਾਨਲੇਵਾ ਹਮਲਾ/ ਪਿੰਡ ’ਚ ਦਹਿਸ਼ਤ ਦਾ ਮਾਹੌਲ, ਪੁਲਿਸ ਕਰ ਰਹੀ ਜਾਂਚ

0
2

 

ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਜਦੀਦ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਨੌਜਵਾਨ ’ਤੇ ਕਥਿਤ ਤੌਰ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਿੱਚ ਲਵਪ੍ਰੀਤ ਸਿੰਘ ਨਾਮਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਦੋ ਹੋਰ ਨੌਜਵਾਨਾਂ ਨੂੰ ਵੀ ਮਾਮੂਲੀ ਸੱਟਾਂ ਲੱਗਣ ਦੀ ਜਾਣਕਾਰੀ ਹੈ। ਗੰਭੀਰ ਜ਼ਖ਼ਮੀ ਲਵਪ੍ਰੀਤ ਸਿੰਘ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਸਰਪੰਚ ਵੱਲੋਂ ਬਣਾਈ ਨਸ਼ਾ ਵਿਰੋਧੀ ਟੀਮ ਦਾ ਮੈਂਬਰ ਹੈ ਅਤੇ ਬਾਕੀ ਟੀਮ ਮੈਂਬਰਾਂ ਨਾਲ ਨਸ਼ੇ ਰੋਕਣ ਲਈ ਸਰਗਰਮ ਸੀ। ਪੁਲਿਸ ਨੇ ਪੀੜਤਾ ਦੇ ਬਿਆਨਾਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਸਰਪੰਚ ਹਰਜਿੰਦਰ ਸਿੰਘ ਵੱਲੋਂ ਪਿੰਡ ਪੱਧਰ ’ਤੇ ਨਸ਼ਾ ਵਿਰੋਧੀ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵਿੱਚ ਪਿੰਡ ਦੇ ਕਈ ਨੌਜਵਾਨ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਿੰਡ ਦੇ ਹੀ ਇੱਕ ਨੌਜਵਾਨ ’ਤੇ ਕਥਿਤ ਤੌਰ ’ਤੇ ਨਸ਼ੇ ਦਾ ਕਾਰੋਬਾਰ ਕਰਨ ਦਾ ਸ਼ੱਕ ਸੀ। ਇਸੇ ਦੇ ਚਲਦਿਆਂ ਨਸ਼ਾ ਵਿਰੋਧੀ ਟੀਮ ਨਾਲ ਜੁੜੇ ਨੌਜਵਾਨਾਂ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ।
ਪੀੜਤ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪਿੱਛਾ ਕਰਨ ਦੌਰਾਨ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕਥਿਤ ਤੌਰ ’ਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਅਤੇ ਪਿੰਡ ਦੇ ਸਰਪੰਚ ਨੂੰ ਦੇ ਦਿੱਤੀ ਗਈ ਹੈ ਅਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉੱਥੇ ਹੀ ਸਰਪੰਚ ਹਰਜਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਹਮਲੇ ਤੋਂ ਬਾਅਦ ਕੁਝ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਸਨ, ਪਰ ਬਾਅਦ ਵਿੱਚ ਵੱਡੀ ਗਿਣਤੀ ਵਿੱਚ ਮੁੜ ਪਿੰਡ ਵਿੱਚ ਆਏ। ਇਸ ਦੌਰਾਨ ਪਿੰਡ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ।
ਸਰਪੰਚ ਮੁਤਾਬਕ ਕੁਝ ਘਰਾਂ ਦੇ ਦਰਵਾਜ਼ਿਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਇਸ ਸਬੰਧੀ ਥਾਣਾ ਅਜੀਤਵਾਲ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਘਟਨਾ ਸਬੰਧੀ ਪਿੰਡ ਵਾਸੀਆਂ ਵੱਲੋਂ ਸ਼ੱਕੀ ਨੌਜਵਾਨਾਂ ਦਾ ਪਿੱਛਾ ਕੀਤੇ ਜਾਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਥਾਣਾ ਅਜੀਤਵਾਲ ਦੇ ਐਸਐਚਓ ਜਸਵੀਰ ਸਿੰਘ ਨੇ ਦੱਸਿਆ ਕਿ ਨੱਥੂਵਾਲਾ ਜਦੀਦ ਤੋਂ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੀੜਤ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here