ਅੰਮ੍ਰਿਤਸਰ ’ਚ ਐਬੂਲੈਂਸ ਰਾਹੀਂ ਨਸ਼ਾ ਤਸਕਰੀ ਦਾ ਪਰਦਾਫਾਸ਼/ ਐਬੂਲੈਂਸ ਡਰਾਈਵਰ ਸਮੇਤ 8 ਮੁਲਜ਼ਮ ਗ੍ਰਿਫ਼ਤਾਰ/ ਸਾਢੇ 9 ਕਿਲੋ ਹੈਰੋਇਨ, ਸਾਢੇ 5 ਕਿਲੋ ਅਫੀਮ ਤੇ ਪਿਸਤੌਲ ਬਰਾਮਦ

0
2

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਨੈਕਸਸ ਦਾ ਪਰਦਾਫਾਸ਼ ਕਰਦਿਆਂ ਐਂਬੂਲੈਂਸ ਦੀ ਆੜ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਇੱਕ ਡਰਾਈਵਰ ਸਮੇਤ ਕੁੱਲ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 9 ਕਿਲੋ 549 ਗ੍ਰਾਮ ਹੈਰੋਇਨ, 5 ਕਿਲੋ 459 ਗ੍ਰਾਮ ਅਫੀਮ ਤੇ ਇਕ ਪਿਸਤੌਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਗਰੋਹ ਪਾਕਿਸਤਾਨ ਤੋਂ ਨਸ਼ੇ ਮੰਗਵਾ ਕੇ ਅੱਗੇ ਐਬੂਲੈਂਸ ਰਾਹੀਂ ਸਪਲਾਈ ਕਰਦਾ ਸੀ। ਪੁਲਿਸ ਵੱਲੋਂ ਮੁਲਜ਼ਮਾਂ ਦੀ ਅਗਲੀ ਪੁਛਗਿੱਛ ਜਾਰੀ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਕੁੱਲ 9 ਕਿਲੋ 549 ਗ੍ਰਾਮ ਹੈਰੋਇਨ, 5 ਕਿਲੋ 459 ਗ੍ਰਾਮ ਅਫੀਮ ਅਤੇ ਇੱਕ 30 ਬੋਰ ਪਿਸਤੌਲ ਬਰਾਮਦ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਾਮਲੇ ਵਿੱਚ ਸਭ ਤੋਂ ਪਹਿਲਾਂ ਰਜਿੰਦਰ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ 30 ਬੋਰ ਦਾ ਪਿਸਤੌਲ ਬਰਾਮਦ ਹੋਇਆ। ਉਸ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ’ਤੇ ਵਿਨੈ ਨਾਮਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ 4 ਕਿਲੋ ਤੋਂ ਵੱਧ ਅਫੀਮ ਬਰਾਮਦ ਹੋਈ।
ਇਸ ਤੋਂ ਬਾਅਦ ਪੁਲਿਸ ਨੇ ਪ੍ਰਦੀਪ ਸਿੰਘ ਨੂੰ ਕਾਬੂ ਕੀਤਾ, ਜਿਸ ਕੋਲੋਂ ਕਰੀਬ 1 ਕਿਲੋ 224 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਕਮਿਸ਼ਨਰ ਮੁਤਾਬਕ ਪ੍ਰਦੀਪ ਸਿੰਘ ਇੱਕ ਪ੍ਰਾਈਵੇਟ ਐਂਬੂਲੈਂਸ ਦਾ ਡਰਾਈਵਰ ਹੈ ਅਤੇ ਉਹ ਐਂਬੂਲੈਂਸ ਦੀ ਵਰਤੋਂ ਨਸ਼ੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਕਰਦਾ ਸੀ। ਇਸੇ ਤਰ੍ਹਾਂ ਦੂਜੇ ਮੁਕੱਦਮੇ ਵਿੱਚ ਨਵਨੀਤ ਸਿੰਘ ਉਰਫ਼ ਕੀੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ ਕਰੀਬ ਸਵਾ 7 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਤੀਜੇ ਮੁਕੱਦਮੇ ਵਿੱਚ ਬਲਜਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਨੂੰ ਗ੍ਰਿਫ਼ਤਾਰ ਕਰਕੇ 2 ਕਿਲੋ 535 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਪੂਰੇ ਨੈਕਸਸ ਵਿੱਚ ਕੁੱਲ 8 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਅਤੇ ਇਹ ਕਾਰਵਾਈ ਕੈਂਟੋਨਮੈਂਟ, ਰਾਜਾਸਾਂਸੀ, ਏ ਡਿਵੀਜ਼ਨ ਅਤੇ ਛੇਹਰਟਾ ਥਾਣਾ ਖੇਤਰਾਂ ਵਿੱਚ ਕੀਤੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਖੁਲਾਸਿਆਂ ਦੇ ਆਧਾਰ ’ਤੇ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਐਂਬੂਲੈਂਸ ਦੀ ਵਰਤੋਂ ਇਸ ਲਈ ਕਰਦਾ ਸੀ ਕਿਉਂਕਿ ਐਂਬੂਲੈਂਸ ’ਤੇ ਆਮ ਤੌਰ ’ਤੇ ਸ਼ੱਕ ਘੱਟ ਹੁੰਦਾ ਹੈ ਅਤੇ ਟ੍ਰੈਫਿਕ ਵਿੱਚ ਵੀ ਉਸ ਨੂੰ ਤਰਜੀਹ ਦੇ ਕੇ ਰਸਤਾ ਦਿੱਤਾ ਜਾਂਦਾ ਹੈ। ਇਸੇ ਦਾ ਫਾਇਦਾ ਚੁੱਕਦਿਆਂ ਨਸ਼ੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਸਪਲਾਈ ਕੀਤਾ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਐਂਬੂਲੈਂਸ ਇੱਕ ਪਵਿੱਤਰ ਅਤੇ ਮਨੁੱਖਤਾ ਦੀ ਸੇਵਾ ਨਾਲ ਜੁੜੀ ਸਹੂਲਤ ਹੈ, ਜਿਸ ਦੀ ਵਰਤੋਂ ਮਰੀਜ਼ਾਂ ਨੂੰ ਹਸਪਤਾਲ ਲਿਜਾਣ ਲਈ ਕੀਤੀ ਜਾਂਦੀ ਹੈ, ਪਰ ਮੁਲਜ਼ਮਾਂ ਵੱਲੋਂ ਇਸ ਸੇਵਾ ਦਾ ਗਲਤ ਇਸਤੇਮਾਲ ਕਰਕੇ ਨਸ਼ਾ ਤਸਕਰੀ ਕੀਤੀ ਜਾ ਰਹੀ ਸੀ। ਪੁਲਿਸ ਕਮਿਸ਼ਨਰ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਨੈਕਸਸ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ। ਮੁਲਜ਼ਮ ਸਰਹੱਦ ਪਾਰੋਂ ਡਰੋਨ ਰਾਹੀਂ ਹੈਰੋਇਨ ਅਤੇ ਅਫੀਮ ਮੰਗਵਾਉਂਦੇ ਸਨ ਅਤੇ ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸ ਦੀ ਸਪਲਾਈ ਕਰਦੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਬਰਾਮਦ ਹੋਈ ਅਫੀਮ ਵੀ ਪਾਕਿਸਤਾਨ ਤੋਂ ਆਈ ਸੀ।

LEAVE A REPLY

Please enter your comment!
Please enter your name here